ਭਾਰਤ 05 March 2026 AJ DI Awaaj
National Desk : ਦੂਰਸੰਚਾਰ ਵਿਭਾਗ (DoT) ਵੱਲੋਂ ਜਾਰੀ ਨਵੇਂ ਸਿਮ-ਬਾਈਡਿੰਗ ਨਿਯਮ ਹੁਣ ਪੂਰੀ ਤਰ੍ਹਾਂ ਲਾਗੂ ਹੋ ਗਏ ਹਨ। 90 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ WhatsApp, Telegram ਅਤੇ Signal ਵਰਗੀਆਂ ਮੈਸੇਜਿੰਗ ਐਪਸ ਨੂੰ ਉਪਭੋਗਤਾ ਦੇ ਉਸੇ ਮੋਬਾਈਲ ਨੰਬਰ ਅਤੇ ਫੋਨ ਦੇ ਪ੍ਰਾਇਮਰੀ ਸਲਾਟ ਵਿੱਚ ਲੱਗੇ ਐਕਟਿਵ ਸਿਮ ਕਾਰਡ ਨਾਲ ਜੁੜਿਆ ਹੋਣਾ ਲਾਜ਼ਮੀ ਹੋਵੇਗਾ।
ਨਵੇਂ ਨਿਯਮਾਂ ਅਨੁਸਾਰ ਜੇਕਰ ਰਜਿਸਟਰਡ ਸਿਮ ਕਾਰਡ ਫੋਨ ਤੋਂ ਕੱਢ ਦਿੱਤਾ ਜਾਂਦਾ ਹੈ, ਬਦਲਿਆ ਜਾਂ ਅਯੋਗ ਹੋ ਜਾਂਦਾ ਹੈ ਤਾਂ ਐਪ ਆਪਣੇ ਆਪ ਕੰਮ ਕਰਨਾ ਬੰਦ ਕਰ ਦੇਵੇਗੀ। ਮੁੜ ਵਰਤੋਂ ਲਈ ਉਪਭੋਗਤਾ ਨੂੰ ਉਹੀ ਸਿਮ ਕਾਰਡ ਫੋਨ ਵਿੱਚ ਲਗਾ ਕੇ ਦੁਬਾਰਾ ਵੇਰੀਫਿਕੇਸ਼ਨ ਕਰਨੀ ਪਵੇਗੀ।
ਇਸ ਦਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ ‘ਤੇ ਪਵੇਗਾ ਜੋ WhatsApp Web ਜਾਂ ਡੈਸਕਟੌਪ ਵਰਜਨ ਦੀ ਵਰਤੋਂ ਕਰਦੇ ਹਨ। ਹੁਣ ਉਹ ਹਰ ਛੇ ਘੰਟਿਆਂ ਬਾਅਦ ਆਟੋਮੈਟਿਕ ਲੌਗ ਆਉਟ ਹੋ ਸਕਦੇ ਹਨ ਅਤੇ ਮੁੜ ਲੌਗ ਇਨ ਕਰਨ ਲਈ ਫੋਨ ਵਿੱਚ ਐਕਟਿਵ ਸਿਮ ਨਾਲ QR ਕੋਡ ਸਕੈਨ ਕਰਨਾ ਪਵੇਗਾ।
ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਵਧੇ ਹਨ। ਅਪਰਾਧੀ OTP ਨਾਲ ਭਾਰਤੀ ਨੰਬਰ ਐਕਟਿਵ ਕਰਕੇ ਵਿਦੇਸ਼ਾਂ ਤੋਂ ਫਰਾਡ ਕਰਦੇ ਸਨ। ਨਵੇਂ ਨਿਯਮਾਂ ਨਾਲ ਖਾਤੇ KYC ਵਾਲੇ ਸਿਮ ਨਾਲ ਜੁੜੇ ਰਹਿਣਗੇ ਅਤੇ ਅਪਰਾਧੀਆਂ ਨੂੰ ਟ੍ਰੈਕ ਕਰਨਾ ਆਸਾਨ ਹੋਵੇਗਾ।
ਇਹ ਨਿਯਮ ਭਾਰਤ ਵਿੱਚ ਰਜਿਸਟਰਡ ਅਕਾਊਂਟਸ ‘ਤੇ ਲਾਗੂ ਹੋਣਗੇ। ਵਿਦੇਸ਼ ਯਾਤਰਾ ਦੌਰਾਨ ਜੇ ਫੋਨ ਵਿੱਚ ਭਾਰਤੀ ਸਿਮ ਲੱਗਾ ਹੋਵੇ ਤਾਂ ਕੋਈ ਸਮੱਸਿਆ ਨਹੀਂ ਆਵੇਗੀ, ਪਰ ਸਿਮ ਬਦਲਣ ਦੀ ਸਥਿਤੀ ਵਿੱਚ ਐਪ ਅਸਥਾਈ ਤੌਰ ‘ਤੇ ਬੰਦ ਹੋ ਸਕਦੀ ਹੈ। ਸਰਕਾਰ ਇਸਨੂੰ ਡਿਜੀਟਲ ਸੁਰੱਖਿਆ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨ ਰਹੀ ਹੈ।














