ਇੱਕ ਕਾਲ ‘ਤੇ 430+ ਸਰਕਾਰੀ ਸੇਵਾਵਾਂ, ਪੰਜਾਬ ਸਨਮਾਨਿਤ

26

Punjab 02 March 2026 AJ DI Awaaj

Punjab Desk :    ਪੰਜਾਬ ਵਿੱਚ ਨਾਗਰਿਕ ਸੇਵਾਵਾਂ ਨੂੰ ਹੋਰ ਆਸਾਨ ਅਤੇ ਪਾਰਦਰਸ਼ੀ ਬਣਾਉਣ ਵੱਲ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਤਕਨਾਲੋਜੀ ਸਭਾ 2026 ਦੌਰਾਨ Punjab ਸਰਕਾਰ ਨੂੰ ਵੱਕਾਰੀ “ਡਿਜੀਟਲ ਐਕਸੀਲੈਂਸ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ The Indian Express Group ਵੱਲੋਂ ਹੈਦਰਾਬਾਦ ਵਿੱਚ ਕਰਵਾਏ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਤਕਨਾਲੋਜੀ ਮਾਹਿਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ।

ਸੂਬੇ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਡਾਇਰੈਕਟਰ ਵਿਸ਼ੇਸ਼ ਸਾਰੰਗਲ ਨੇ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਨਤਾ ਲੋਕਾਂ ਦੇ ਭਰੋਸੇ ਦੀ ਪੁਸ਼ਟੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਪਾਰਦਰਸ਼ੀ ਅਤੇ ਕਾਗਜ਼-ਰਹਿਤ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ।

“ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਯੋਜਨਾ ਤਹਿਤ ਹੁਣ ਨਾਗਰਿਕ ਹੈਲਪਲਾਈਨ 1076 ‘ਤੇ ਕਾਲ ਕਰਕੇ 430 ਤੋਂ ਵੱਧ ਸਰਕਾਰੀ ਸੇਵਾਵਾਂ ਘਰ ਬੈਠੇ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਘੱਟ ਹੋਏ ਹਨ ਅਤੇ ਵਿਚੋਲੇ ਪ੍ਰਣਾਲੀ ‘ਤੇ ਵੀ ਰੋਕ ਲੱਗੀ ਹੈ।

ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ ਨੂੰ ਆਨਲਾਈਨ ਤਸਦੀਕ ਦੇ ਅਧਿਕਾਰ ਮਿਲਣ ਨਾਲ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਹੋਈ ਹੈ। 12.5 ਲੱਖ ਤੋਂ ਵੱਧ ਅਰਜ਼ੀਆਂ ‘ਤੇ ਆਨਲਾਈਨ ਕਾਰਵਾਈ ਹੋ ਚੁੱਕੀ ਹੈ ਅਤੇ ਲੰਬਿਤ ਮਾਮਲੇ ਸਿਰਫ਼ 0.33 ਫ਼ੀਸਦੀ ਰਹਿ ਗਏ ਹਨ।

ਇਸ ਦੇ ਨਾਲ ਐਮ-ਸੇਵਾ ਅਤੇ ਕਨੈਕਟ ਪੰਜਾਬ ਵਰਗੇ ਪਲੇਟਫਾਰਮਾਂ ਰਾਹੀਂ ਨਾਗਰਿਕ ਅਰਜ਼ੀਆਂ ਦੀ ਟਰੈਕਿੰਗ ਅਤੇ ਤੁਰੰਤ ਫੀਡਬੈਕ ਦੇ ਸਕਦੇ ਹਨ। ਅਗਲੇ ਪੜਾਅ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਸੇਵਾਵਾਂ ਨੂੰ ਹੋਰ ਸੁਗਮ ਬਣਾਉਣ ਦੀ ਯੋਜਨਾ ਹੈ। ਸਰਕਾਰ ਦਾ ਟੀਚਾ ਸਾਰੀਆਂ ਮੁੱਖ ਸੇਵਾਵਾਂ ਨੂੰ 100 ਫ਼ੀਸਦੀ ਕਾਗਜ਼-ਰਹਿਤ ਅਤੇ ਸੰਪਰਕ-ਰਹਿਤ ਬਣਾਉਣਾ ਹੈ।