27 ਫਰਵਰੀ 2026 ਅੱਜ ਦੀ ਆਵਾਜ਼
International Desk: ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਵਾਯੂ ਸੈਨਾ ਨੇ ਵੀਰਵਾਰ ਰਾਤ ਕਾਬੁਲ ਅਤੇ ਕੰਧਾਰ ਸਮੇਤ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ। ਇਸ ਤੋਂ ਬਾਅਦ ਅਫ਼ਗਾਨ ਤਾਲਿਬਾਨ ਨੇ ਪਲਟਵਾਰ ਕਰਨ ਦਾ ਦਾਅਵਾ ਕੀਤਾ ਹੈ।
Islamic Emirate of Afghanistan ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਾਯੂ ਸੈਨਾ ਨੇ ਇਸਲਾਮਾਬਾਦ ਦੇ ਫੈਜ਼ਾਬਾਦ ਨੇੜੇ ਇਕ ਮਿਲਟਰੀ ਕੈਂਪ ਅਤੇ ਨੌਸ਼ਹਿਰਾ ਵਿਚ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। ਜਮਰੂਦ ਮਿਲਟਰੀ ਕਾਲੋਨੀ ਅਤੇ ਐਬਟਾਬਾਦ ‘ਤੇ ਵੀ ਹਮਲਿਆਂ ਦਾ ਦਾਅਵਾ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਦੇ ਇਸਲਾਮੀ ਅਮੀਰਾਤ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਕਾਬੁਲ, ਕੰਧਾਰ ਅਤੇ ਪਕਤੀਆ ਦੇ ਕੁਝ ਹਿੱਸਿਆਂ ਵਿੱਚ ਏਅਰਸਟ੍ਰਾਈਕ ਕੀਤੀ, ਪਰ ਕਿਸੇ ਵੱਡੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਉੱਧਰ, ਪਾਕਿਸਤਾਨ ਨੇ ਆਪਣੀ ਕਾਰਵਾਈ ਨੂੰ ‘ਓਪਰੇਸ਼ਨ ਗ਼ਜ਼ਬ ਲਿਲ-ਹੱਕ’ ਦਾ ਨਾਮ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਲਿਆਂ ਵਿੱਚ 130 ਤੋਂ ਵੱਧ ਤਾਲਿਬਾਨ ਲੜਾਕੇ ਮਾਰੇ ਗਏ ਹਨ। ਤਾਲਿਬਾਨ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜਵਾਬੀ ਹਮਲਿਆਂ ਵਿੱਚ ਪਾਕਿਸਤਾਨ ਦੇ 55 ਸੈਨਿਕ ਮਾਰੇ ਗਏ।
ਇਸ ਤਣਾਅ ‘ਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਦੋਵਾਂ ਦੇਸ਼ਾਂ ਨੂੰ ਸੰਵਾਦ ਰਾਹੀਂ ਮਸਲੇ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਈਰਾਨ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਲਈ ਮਧਸਥਤਾ ਕਰਨ ਨੂੰ ਤਿਆਰ ਹੈ।
ਮੌਜੂਦਾ ਹਾਲਾਤਾਂ ਨੇ ਖੇਤਰ ਵਿੱਚ ਸੁਰੱਖਿਆ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰਾ ਇਸ ਵਿਕਾਸ ‘ਤੇ ਨਜ਼ਰ ਰੱਖ ਰਿਹਾ ਹੈ।














