11 ਫਰਵਰੀ 2026 ਅੱਜ ਦੀ ਆਵਾਜ਼
Punjab Desk: ਬੁੱਧਵਾਰ ਨੂੰ ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਸਕੂਲ ਪ੍ਰਸ਼ਾਸਨ ਨੂੰ ਈਮੇਲ ਰਾਹੀਂ ਧਮਕੀ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਮੌਜੂਦ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਭੇਜ ਦਿੱਤਾ ਗਿਆ। ਇਸਦੇ ਨਾਲ ਹੀ ਮੋਹਾਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਕੂਲ ਪ੍ਰਬੰਧਨ ਵੱਲੋਂ ਮਾਪਿਆਂ ਨੂੰ ਭੇਜੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਸਿਕਿਊਰਿਟੀ ਅਲਰਟ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ।
ਪੁਲਿਸ ਵੱਲੋਂ ਸਕੂਲਾਂ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਗਹਿਰੀ ਤਲਾਸ਼ੀ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਧਮਕੀ ਭਰੇ ਸੁਨੇਹੇ ਵਿੱਚ ਕੀ ਲਿਖਿਆ ਹੈ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਧਮਕੀ ਭਰੇ ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਹਾਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਦੁਪਹਿਰ 1:11 ਵਜੇ ਬੰਬ ਧਮਾਕੇ ਕੀਤੇ ਜਾਣਗੇ। ਇਸ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ 13 ਫਰਵਰੀ ਨੂੰ ਸੰਸਦ ਵਿੱਚ ਧਮਾਕੇ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਧਮਕੀ ਮਿਲਣ ਤੋਂ ਬਾਅਦ ਜਿਨ੍ਹਾਂ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ, ਉਹ ਹਨ—
-
ਇੰਫੈਂਟ ਜੀਸਸ ਸਕੂਲ, ਫੇਜ਼-11
-
ਪੈਰਾਗਨ ਸਕੂਲ, ਸੈਕਟਰ-71
-
ਮਾਨਵ ਮੰਗਲ ਸਕੂਲ, ਫੇਜ਼-10
-
ਸ਼ਿਵਾਲਿਕ ਸਕੂਲ, ਫੇਜ਼-6
-
ਸੇਂਟ ਮੇਰੀ ਸਕੂਲ, ਫੇਜ਼-11
-
ਵਾਈਪੀਐਸ ਸਕੂਲ
-
ਸੇਂਟ ਸੋਲਜਰ ਸਕੂਲ, ਫੇਜ਼-7
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸਕੂਲਾਂ ਨੂੰ ਇਸੇ ਤਰ੍ਹਾਂ ਦੇ ਧਮਕੀ ਭਰੇ ਈਮੇਲ ਭੇਜੇ ਜਾ ਚੁੱਕੇ ਹਨ। ਪੁਲਿਸ ਇਸ ਮਾਮਲੇ ਦੀ ਸਾਈਬਰ ਐੰਗਲ ਤੋਂ ਵੀ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ।












