ਆਈਸੀਸੀ ਦੀ ਸਖ਼ਤੀ ਮਗਰੋਂ ਪਾਕਿਸਤਾਨ ਦਾ ਯੂ-ਟਰਨ

9

India 10 Feb 2026 AJ DI Awaaj

Sports Desk :  ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦਾ ਬਹੁਤ ਉਡੀਕਿਆ ਜਾ ਰਿਹਾ ਮੁਕਾਬਲਾ ਹੁਣ ਨਿਰਧਾਰਤ ਸਮੇਂ ਅਨੁਸਾਰ 15 ਫਰਵਰੀ ਨੂੰ ਖੇਡਿਆ ਜਾਵੇਗਾ। ਕਈ ਦਿਨਾਂ ਤੋਂ ਚੱਲ ਰਹੇ ਅਣਿਸ਼ਚਿਤ ਹਾਲਾਤਾਂ ਨੂੰ ਖ਼ਤਮ ਕਰਦਿਆਂ ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਭਾਰਤ ਵਿਰੁੱਧ ਮੈਚ ਖੇਡਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ।

ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਆਈਸੀਸੀ, ਬੰਗਲਾਦੇਸ਼ ਕ੍ਰਿਕਟ ਬੋਰਡ ਅਤੇ ਹੋਰ ਮੈਂਬਰ ਦੇਸ਼ਾਂ ਨਾਲ ਹੋਈ ਉੱਚ ਪੱਧਰੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਸਾਰੇ ਪੱਖਾਂ ‘ਤੇ ਵਿਚਾਰ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਟੀਮ ਨੂੰ ਮੈਚ ਖੇਡਣ ਦੀ ਹਦਾਇਤ ਜਾਰੀ ਕੀਤੀ।

ਦਰਅਸਲ, ਪਾਕਿਸਤਾਨ ਨੇ ਪਹਿਲਾਂ ਆਪਣੀ ਸਰਕਾਰ ਦੀ ਸਲਾਹ ‘ਤੇ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ ਕਰਨ ਦਾ ਸੰਕੇਤ ਦਿੱਤਾ ਸੀ, ਜਿਸ ਨਾਲ ਪੂਰਾ ਟੂਰਨਾਮੈਂਟ ਖ਼ਤਰੇ ‘ਚ ਪੈ ਸਕਦਾ ਸੀ। ਹਾਲਾਂਕਿ, ਆਈਸੀਸੀ ਦੇ ਸਖ਼ਤ ਰੁਖ਼, ਬੰਗਲਾਦੇਸ਼ ਦੀਆਂ ਅਪੀਲਾਂ ਅਤੇ ਲਗਾਤਾਰ ਗੱਲਬਾਤ ਦੇ ਮਗਰੋਂ ਪਾਕਿਸਤਾਨ ਨੂੰ ਆਪਣਾ ਰੁਖ਼ ਨਰਮ ਕਰਨਾ ਪਿਆ।

ਲਾਹੌਰ ਵਿੱਚ ਹੋਈ ਕਈ ਘੰਟਿਆਂ ਦੀ ਮੀਟਿੰਗ ਦੌਰਾਨ ਪੀਸੀਬੀ ਵੱਲੋਂ ਰੱਖੀਆਂ ਗਈਆਂ ਜ਼ਿਆਦਾਤਰ ਮੰਗਾਂ ਨੂੰ ਆਈਸੀਸੀ ਨੇ ਸਵੀਕਾਰ ਨਹੀਂ ਕੀਤਾ। ਸੂਤਰਾਂ ਮੁਤਾਬਕ, ਇਨ੍ਹਾਂ ਮੰਗਾਂ ਵਿੱਚ ਭਾਰਤ ਨਾਲ ਦੁਵੱਲੀ ਕ੍ਰਿਕਟ ਲੜੀ ਦੀ ਬਹਾਲੀ, ਭਾਰਤ-ਪਾਕਿਸਤਾਨ-ਬੰਗਲਾਦੇਸ਼ ਵਿਚਕਾਰ ਤਿਕੋਣੀ ਸੀਰੀਜ਼, ਹੈਂਡਸ਼ੇਕ ਵਿਵਾਦ ਦਾ ਹੱਲ ਅਤੇ ਵਧੇਰੇ ਮਾਲੀਆ ਹਿੱਸੇਦਾਰੀ ਸ਼ਾਮਲ ਸੀ।

ਆਈਸੀਸੀ ਵੱਲੋਂ ਇਨਕਾਰ ਤੋਂ ਬਾਅਦ ਪੀਸੀਬੀ ਨੇ ਬਾਈਕਾਟ ਵਾਲਾ ਰੁਖ਼ ਛੱਡ ਦਿੱਤਾ, ਜਿਸ ਨਾਲ ਹੁਣ ਟੀ-20 ਵਿਸ਼ਵ ਕੱਪ ‘ਚ ਭਾਰਤ-ਪਾਕਿਸਤਾਨ ਮੁਕਾਬਲਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਹ ਮੈਚ ਟੂਰਨਾਮੈਂਟ ਦਾ ਸਭ ਤੋਂ ਵੱਡਾ ਆਕਰਸ਼ਣ ਮੰਨਿਆ ਜਾ ਰਿਹਾ ਹੈ।