ਐਨ.ਆਈ.ਸੀ ਵੱਲੋਂ ਸੇਫ਼ਰ ਇੰਟਰਨੈਟ ਡੇ ਮਨਾਇਆ

12
ਫਰੀਦਕੋਟ 10 ਫਰਵਰੀ 2026 AJ DI Awaaj
Punjab Desk :  ਸੇਫ਼ਰ ਇੰਟਰਨੈਟ ਡੇ 2026 ਦੇ ਮੌਕੇ  ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੰਟਰਨੈਟ ਸੁਰੱਖਿਆ ਅਤੇ ਕ੍ਰਿਤ੍ਰਿਮ ਬੁੱਧੀ /(ਏ.ਆਈ.) ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਉਪਯੋਗ ਸੰਬੰਧੀ ਐਨ.ਆਈ.ਸੀ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਡੀ ਆਈ ਓ ਸ.ਗੁਰਜਿੰਦਰ ਸਿੰਘ ਵਲੋਂ ਇੰਟਰਨੈਟ ਦੇ ਸਹੀ ਇਸਤੇਮਾਲ, ਸਾਈਬਰ ਹਾਈਜੀਨ, ਆਨਲਾਈਨ ਧੋਖਾਧੜੀ ਤੋਂ ਬਚਾਅ, ਫ਼ਿਸ਼ਿੰਗ, ਓਟੀਪੀ/ਯੂਪੀਆਈ ਫਰਾਡ ਅਤੇ ਡੀਪਫੇਕ ਵਰਗੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਡੀ ਆਈ ਓ ਸ.ਗੁਰਜਿੰਦਰ ਸਿੰਘ ਨੇ ਕਿਹਾ ਕਿ ਕਦੇ ਵੀ ਮਹੱਤਵਪੂਰਨ ਜਾਣਕਾਰੀ ਜਿਵੇਂ ਓ.ਟੀ.ਪੀ, ਆਧਾਰ, ਪੈਨ ਜਾਂ ਬੈਂਕ ਡਿਟੇਲ ਸਾਂਝੀ ਨਹੀਂ ਕਰਨੀ ਚਾਹੀਦੀ ਅਤੇ ਅਣਜਾਣ ਨੰਬਰਾਂ ਤੋਂ ਆਏ ਫੋਨ ਕਾਲ ਦਾ ਜਵਾਬ ਨਾ ਦਿੱਤਾ ਜਾਵੇ ਜੋ ਤੁਹਾਡੀ ਵਿਅਕਤੀਗਤ ਜਾਣਕਾਰੀ ਮੰਗਦੇ ਹਨ।
 ਉਨ੍ਹਾਂ ਕਿਹਾ ਕਿ ਕਿਊ.ਆਰ ਕੋਡ ਸਕੈਨ ਕਰਨ ਜਾਂ ਪੇਮੈਂਟ ਪ੍ਰਾਪਤ ਕਰਨ ਲਈ ਪਿੰਨ ਕੋਡ ਦਰਜ ਕਰਨ ਵੇਲੇ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਤਕਨੀਕਾਂ ਆਮ ਤੌਰ ਤੇ ਧੋਖਾਧੜੀ ਵਿੱਚ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਬਲਿਕ ਵਾਈਫਾਈ ਨੂੰ ਮਹੱਤਵਪੂਰਨ ਟਰਾਂਜੈਕਸ਼ਨ ਕਰਨ ਸਮੇਂ ਨਾ  ਵਰਤਿਆ ਜਾਵੇ।
ਸੈਮੀਨਾਰ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ, ਮਜ਼ਬੂਤ ਪਾਸਵਰਡ ਵਰਤਣ, ਦੋਹਰੀ ਪ੍ਰਮਾਣਿਕਤਾ ਲਾਗੂ ਕਰਨ ਅਤੇ ਸਾਈਬਰ ਅਪਰਾਧ ਦੀ ਸੂਚਨਾ 1930 ਹੈਲਪਲਾਈਨ ਜਾਂ cybercrime.gov.in ਪੋਰਟਲ ‘ਤੇ ਦੇਣ ਬਾਰੇ ਜਾਗਰੂਕ ਕੀਤਾ । ਇਸ ਉਪਰਾਲੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਡਿਜ਼ੀਟਲ ਤੌਰ ‘ਤੇ ਸੁਰੱਖਿਅਤ, ਸੁਚੇਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ, ਤਾਂ ਜੋ ਉਹ ਇੰਟਰਨੈਟ ਅਤੇ ਏ.ਆਈ ਤਕਨਾਲੋਜੀ ਦਾ ਸਹੀ ਅਤੇ ਸੁਰੱਖਿਅਤ ਇਸਤੇਮਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡੀ.ਸੀ ਦਫਤਰ ਵਿਖੇ ਵੀ ਸੇਫਰ ਇੰਟਰਨੈਟ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਜਾਗਰੂਕ ਕੀਤਾ ਗਿਆ।