Punjab 09 Feb 2026 AJ DI Awaaj
Punjab Desk : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਨਵੇਂ ਗੀਤ ‘ਅਸਲਾ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਗੀਤ ਨੂੰ ਲੈ ਕੇ ਭਾਜਪਾ ਆਗੂ ਅਰਵਿੰਦ ਸ਼ਰਮਾ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ ਅਤੇ ਇਸਨੂੰ ਹਿੰਸਾ ਨੂੰ ਉਕਸਾਉਣ ਵਾਲਾ ਕਰਾਰ ਦਿੱਤਾ ਗਿਆ ਹੈ।
ਭਾਜਪਾ ਆਗੂ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਸੌਂਪੀ ਹੈ ਅਤੇ ਗੀਤ ‘ਅਸਲਾ’ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਯੂਟਿਊਬ ਸਮੇਤ ਹੋਰ ਡਿਜ਼ਿਟਲ ਪਲੇਟਫਾਰਮਾਂ ਤੋਂ ਵੀ ਇਸ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਦਾ ਇਹ ਗੀਤ 6 ਫਰਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਹੀ ਇਹ ਵਿਵਾਦ ਚਰਚਾ ਵਿੱਚ ਆ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪਹਿਲਾਂ ਹੀ ਨਸ਼ਾ, ਗੈਂਗਵਾਰ ਅਤੇ ਗੈਰ-ਕਾਨੂੰਨੀ ਹਥਿਆਰਾਂ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਅਸਲੇ ਅਤੇ ਹਿੰਸਾ ਨੂੰ ਦਰਸਾਉਂਦੇ ਗੀਤ ਨੌਜਵਾਨਾਂ ਨੂੰ ਗਲਤ ਰਾਹ ‘ਤੇ ਧੱਕ ਸਕਦੇ ਹਨ।
ਭਾਜਪਾ ਆਗੂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਵਿੱਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਪਹਿਲਾਂ ਹੀ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਕੁਝ ਗਾਇਕ ਅਜਿਹੇ ਗੀਤ ਜਾਰੀ ਕਰ ਰਹੇ ਹਨ। ਉਨ੍ਹਾਂ ਮੁਤਾਬਕ ‘ਅਸਲਾ’ ਵੀ ਅਜਿਹਾ ਹੀ ਗੀਤ ਹੈ, ਜਿਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।














