07 ਫਰਵਰੀ 2026 ਅੱਜ ਦੀ ਆਵਾਜ਼
Health Desk: ਬੇਨਿਯਮ ਖਾਣ-ਪੀਣ ਅਤੇ ਅਣਗਠੀ ਰੁਟੀਨ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ—ਇਹ ਗੱਲ ਹੁਣ ਵਿਗਿਆਨਕ ਖੋਜ ਨਾਲ ਵੀ ਸਾਬਤ ਹੋ ਰਹੀ ਹੈ। ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਬੇਵਕਤ ਖਾਣ ਨਾਲ ਸਰੀਰ ਦੀ ਅੰਦਰੂਨੀ ਘੜੀ (ਸਰਕੇਡੀਅਨ ਰਿਥਮ) ਗੜਬੜਾ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਲਿਵਰ ਦੇ ਕੰਮ ’ਤੇ ਪੈਂਦਾ ਹੈ।
ਖੋਜਕਾਰਾਂ ਮੁਤਾਬਕ ਲਿਵਰ ਸਰੀਰ ਦੀ ਘੜੀ ਦੇ ਅਨੁਸਾਰ ਖ਼ੂਨ ਵਿੱਚ ਪ੍ਰੋਟੀਨ ਛੱਡਦਾ ਹੈ। ਜਦੋਂ ਖਾਣ-ਪੀਣ ਦੇ ਸਮੇਂ ਅਣਗਠੇ ਹੋਣ ਜਾਂ ਵਿਅਕਤੀ ਸ਼ਿਫਟਾਂ ਵਿੱਚ ਕੰਮ ਕਰਦਾ ਹੋਵੇ, ਤਾਂ ਇਹ ਘੜੀ ਬਿਗੜ ਜਾਂਦੀ ਹੈ। ਨਤੀਜੇ ਵਜੋਂ ਲਿਵਰ ਗਲਤ ਸਮੇਂ ਪ੍ਰੋਟੀਨ ਰਿਲੀਜ਼ ਕਰਦਾ ਹੈ, ਜੋ ਮੈਟਾਬੋਲਿਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ।
ਇਸ ਅਧਿਐਨ ਦੇ ਨਤੀਜੇ ਪ੍ਰਸਿੱਧ ਜਰਨਲ ਨੇਚਰ ਮੈਟਾਬੋਲਿਜ਼ਮ ਵਿੱਚ ਪ੍ਰਕਾਸ਼ਿਤ ਹੋਏ ਹਨ। ਆਸਟ੍ਰੇਲੀਆ ਦੀ ਕਵੀਨਸਲੈਂਡ ਯੂਨੀਵਰਸਿਟੀ ਨਾਲ ਸੰਬੰਧਤ ਮੁੱਖ ਲੇਖਕਾ ਮੈਲਟੈਮ ਵੇਗਰ ਨੇ ਦੱਸਿਆ ਕਿ ਇਹ ਖੋਜ ਲਿਵਰ ਦੀ ਮੈਟਾਬੋਲਿਕ ਪ੍ਰਕਿਰਿਆ ਅਤੇ ਸਰੀਰ ਦੀ ਘੜੀ ਦਰਮਿਆਨ ਡੂੰਘੇ ਸੰਬੰਧ ਨੂੰ ਉਜਾਗਰ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਨਤੀਜੇ ਉਸ ਧਾਰਣਾ ਨੂੰ ਚੁਣੌਤੀ ਦਿੰਦੇ ਹਨ, ਜਿਸ ਅਨੁਸਾਰ ਲਿਵਰ ਹਰ ਵੇਲੇ ਇੱਕੋ ਜਿਹੀ ਰਫ਼ਤਾਰ ਨਾਲ ਪ੍ਰੋਟੀਨ ਛੱਡਦਾ ਹੈ। ਦਰਅਸਲ, ਲਿਵਰ ਦਾ ਪ੍ਰੋਟੀਨ ਰਿਸਾਵ ਸਮੇਂ ਨਾਲ ਜੁੜਿਆ ਹੁੰਦਾ ਹੈ ਅਤੇ ਗਲਤ ਰੁਟੀਨ ਇਸ ਸੰਤੁਲਨ ਨੂੰ ਤੋੜ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਿਤ ਸਮੇਂ ’ਤੇ ਖਾਣਾ ਅਤੇ ਸਹੀ ਰੁਟੀਨ ਅਪਣਾਉਣਾ ਲਿਵਰ ਦੀ ਸਿਹਤ ਅਤੇ ਸਮੂਹ ਮੈਟਾਬੋਲਿਜ਼ਮ ਲਈ ਬਹੁਤ ਜ਼ਰੂਰੀ ਹੈ।














