07 ਫਰਵਰੀ 2026 ਅੱਜ ਦੀ ਆਵਾਜ਼
ਐਂਟਰਟੇਨਮੈਂਟ ਡੈਸਕ: ਸਾਲ 2006 ਵਿੱਚ ਰਿਲੀਜ਼ ਹੋਈ ਦੇਸ਼ਭਗਤੀ ਨਾਲ ਭਰਪੂਰ ਫ਼ਿਲਮ ‘ਰੰਗ ਦੇ ਬਸੰਤੀ’ ਅੱਜ ਵੀ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। 26 ਜਨਵਰੀ 2006 ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਸਿਨੇਮਾਘਰਾਂ ਵਿੱਚ ਆਈ ਇਸ ਫ਼ਿਲਮ ਨੇ ਹਾਲ ਹੀ ਵਿੱਚ ਆਪਣੇ 20 ਸਾਲ ਪੂਰੇ ਕੀਤੇ ਹਨ। ਇਸ ਖ਼ਾਸ ਮੌਕੇ ਨੂੰ ਮਨਾਉਂਦੇ ਹੋਏ ਫ਼ਿਲਮ ਦੀ ਸਟਾਰਕਾਸਟ ਇੱਕ ਵਾਰ ਫਿਰ ਇਕੱਠੀ ਨਜ਼ਰ ਆਈ।
20 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮੇਕਰਸ ਵੱਲੋਂ ਮੁੰਬਈ ਵਿੱਚ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ ਵਿੱਚ ਆਮਿਰ ਖ਼ਾਨ, ਸਿਧਾਰਥ, ਸ਼ਰਮਨ ਜੋਸ਼ੀ, ਕੁਣਾਲ ਕਪੂਰ, ਅਤੁਲ ਕੁਲਕਰਨੀ ਅਤੇ ਸੋਹਾ ਅਲੀ ਖ਼ਾਨ ਸ਼ਾਮਲ ਹੋਏ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਅਤੇ ਨਿਰਮਾਤਾ ਸਿਧਾਰਥ ਕਪੂਰ ਵੀ ਮੌਜੂਦ ਰਹੇ।
ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਪੂਰੀ ਟੀਮ ਨੀਲੇ ਰੰਗ ਦੇ ਪਹਿਰਾਵੇ ਵਿੱਚ ‘ਟਵਿਨਿੰਗ’ ਕਰਦੀ ਦਿਖਾਈ ਦਿੱਤੀ, ਜਿੱਥੇ ਉਨ੍ਹਾਂ ਦੀ ਆਪਸੀ ਦੋਸਤੀ ਅਤੇ ਬੌਂਡਿੰਗ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਹਾਲਾਂਕਿ, ਇਸ ਖ਼ਾਸ ਮੌਕੇ ’ਤੇ ਦੋ ਸਿਤਾਰੇ ਗ਼ੈਰਹਾਜ਼ਰ ਰਹੇ। ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਰ. ਮਾਧਵਨ ਸਕ੍ਰੀਨਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਆਮਿਰ ਖ਼ਾਨ ਦੇ ਉਲਟ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ ਐਲਿਸ ਪੈਟਨ (ਸੂ) ਦੀ ਕਮੀ ਵੀ ਪ੍ਰਸ਼ੰਸਕਾਂ ਨੇ ਖੂਬ ਮਹਿਸੂਸ ਕੀਤੀ।
ਫ਼ਿਲਮ ਦੀ ਰੀਯੂਨੀਅਨ ਨੂੰ ਦੇਖ ਕੇ ਫੈਨਜ਼ ਨੇ ਸੋਸ਼ਲ ਮੀਡੀਆ ’ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇੰਨੇ ਸਾਲਾਂ ਬਾਅਦ ਕਾਸਟ ਨੂੰ ਇਕੱਠੇ ਦੇਖ ਕੇ ‘ਰੰਗ ਦੇ ਬਸੰਤੀ’ ਦੀ ਯਾਦ ਫਿਰ ਤਾਜ਼ਾ ਹੋ ਗਈ।














