ਮੁਫਤ ਟੀਕਾਕਰਨ ਮੁਹਿੰਮ 2 ਫਰਵਰੀ ਤੋਂ

35

ਸ੍ਰੀ ਮੁਕਤਸਰ ਸਾਹਿਬ, 05 ਫਰਵਰੀ 2026 AJ DI Awaaj

Punjab Desk :  ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਦੀ ਰਹਿਨੁਮਾਈ ਹੇਠ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਸ਼੍ਰੀ ਰਾਹੁਲ ਭੰਡਾਰੀ ਆਈ.ਏ.ਐੱਸ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਗਊਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਮੁਫਤ ਟੀਕਾਕਰਨ ਮੁਹਿੰਮ ਮਿਤੀ 02/02/2026 ਤੋਂ 28/02/2026 ਤੱਕ ਚਲਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਦਿੱਤ ਸਿੰਘ ਔਲਖ ਨੇ ਦੱਸਿਆ ਕਿ ਇਸ ਵੈਕਸੀਨੇਸ਼ਨ ਮੁਹਿੰਮ ਲਈ ਵਿਭਾਗ ਵੱਲੋਂ 30 ਵੈਟਨਰੀ ਟੀਮਾਂ ਦਾ ਗਠਨ ਕੀਤਾ ਗਿਆ, ਜਿਹਨਾਂ ਵੱਲੋਂ ਘਰ-ਘਰ ਜਾ ਕੇ ਗਊਧਨ ਦੀ ਮੁਫਤ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਵਿਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਉਹਨਾਂ ਵੱਲੋਂ ਮੰਗੀ ਜਾਂਦੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ, ਤਾਂ ਜੋ ਇਸ ਸਬੰਧੀ ਸਹੀ ਡਾਟਾ ਆਨ-ਲਾਇਨ ਕੀਤਾ ਜਾ ਸਕੇ।

ਇਸ ਮੌਕੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਦੱਸਦਿਆ ਕਿਹਾ ਕਿ ਗਾਵਾਂ ਦਾ ਸੈਕਸਡ ਸੀਮਨ ਪ੍ਰਤੀ ਟੀਕਾ 250/- ਰੁਪਏ ਜ਼ਿਲ੍ਹੇ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਵਿੱਚ ਉਪਲੱਬਧ ਹੈ, ਜਾਨਵਰਾਂ ਵਿੱਚ ਹਲਕਾਅ ਤੋਂ ਬਚਾਅ ਲਈ ਮੁਫਤ ਵੈਕਸੀਨ ਜ਼ਿਲ੍ਹੇ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਵਿੱਚ ਉਪਲੱਬਧ, ਪੋਲੀਕਲੀਨਿਕ ਅਤੇ ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਨੂੰ ਸੱਪ ਦੇ ਕੱਟੇ ਤੋਂ ਇਲਾਜ ਲਈ ਦਵਾਈ ਵੀ ਉਪਲੱਬਧ ਹੈ। ਇਸ ਤੋਂ ਇਲਾਵਾ ਸਰਕਾਰੀ ਵੈਟਨਰੀ ਪੋਲੀਕਲੀਨਿਕ ਬਾਦਲ ਵਿਖੇ ਪਸ਼ੂ ਪਾਲਕਾਂ ਨੂੰ ਬਿਹਤਰ ਪਸ਼ੂਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇੰਨਡੋਰ ਪੈਸ਼ੇਂਟ ਵਾਰਡ (ਆਈ ਪੀ ਡੀ) ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਬਿਮਾਰ ਪਸ਼ੂਆਂ ਨੂੰ ਹਸਪਤਾਲ ਵਿੱਚ ਰੱਖ ਕੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।