ਮੋਗਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌ*ਤ

19

ਮੋਗਾ: 04 Feb 2026 AJ DI Awaaj

Punjab Desk :  ਮੋਗਾ ਦੇ ਪਿੰਡ ਬੁੱਟਰ ਵਿੱਚ ਬਿਜਲੀ ਦਾ ਕੰਮ ਕਰਦੇ ਸਮੇਂ 11 ਹਜ਼ਾਰ ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ 22 ਸਾਲਾ ਨੌਜਵਾਨ ਦੀ ਦਰਦਨਾਕ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ ਪਿੰਡ ਰਾਨੀਆਂ ਵਾਸੀ ਮਨਪ੍ਰੀਤ ਸਿੰਘ (22) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪਿੰਡ ਬੁੱਟਰ ਵਾਸੀ ਸਰਨਾਮ ਸਿੰਘ ਦੇ ਨਵੇਂ ਬਣ ਰਹੇ ਮਕਾਨ ਵਿੱਚ ਪਾਈਪ ਫਿਟਿੰਗ ਦਾ ਕੰਮ ਕਰ ਰਿਹਾ ਸੀ। ਕੰਮ ਦੌਰਾਨ ਜਦੋਂ ਉਹ ਛੱਤ ‘ਤੇ ਕਟਰ ਚਲਾ ਰਿਹਾ ਸੀ ਤਾਂ ਮਕਾਨ ਦੇ ਉੱਪਰੋਂ ਲੰਘ ਰਹੀ 11 ਹਜ਼ਾਰ ਕੇਵੀ ਦੀ ਬਿਜਲੀ ਦੀ ਤਾਰ ਨਾਲ ਉਸ ਦਾ ਸਿਰ ਟਕਰਾ ਗਿਆ। ਤੇਜ਼ ਕਰੰਟ ਲੱਗਣ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਮਨਪ੍ਰੀਤ ਸਿੰਘ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ*ਤਕ ਐਲਾਨ ਦਿੱਤਾ।

ਹਾਦਸੇ ਸਬੰਧੀ ਮਕਾਨ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਉੱਪਰੋਂ 11 ਹਜ਼ਾਰ ਕੇਵੀ ਦੀ ਬਿਜਲੀ ਲਾਈਨ ਲੰਘ ਰਹੀ ਹੈ ਅਤੇ ਇਕ ਖੰਭਾ ਕਾਫੀ ਹੇਠਾਂ ਹੋਣ ਕਾਰਨ ਪਹਿਲਾਂ ਤੋਂ ਹੀ ਕਿਸੇ ਵੱਡੇ ਹਾਦਸੇ ਦਾ ਡਰ ਸੀ। ਉਨ੍ਹਾਂ ਕਿਹਾ ਕਿ ਲਗਭਗ ਦੋ ਮਹੀਨੇ ਪਹਿਲਾਂ ਬੱਧਨੀ ਕਲਾਂ ਬਿਜਲੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਉਸੇ ਲਾਪਰਵਾਹੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਉਨ੍ਹਾਂ ਇਹ ਵੀ ਦੱਸਿਆ ਕਿ ਸਵੇਰੇ ਮਨਪ੍ਰੀਤ ਸਿੰਘ ਨੂੰ ਛੱਤ ‘ਤੇ ਮੌਜੂਦ ਹਾਈ ਵੋਲਟੇਜ ਤਾਰਾਂ ਸਬੰਧੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ, ਪਰ ਕੰਮ ਦੌਰਾਨ ਅਣਚਾਹੀ ਗਲਤੀ ਹੋ ਗਈ।

ਮ੍ਰਿ*ਤਕ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸਵੇਰੇ ਲਗਭਗ 8 ਵਜੇ ਘਰੋਂ ਕੰਮ ਲਈ ਨਿਕਲਿਆ ਸੀ, ਪਰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਕੰਮ ਕਰਨ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਸਿਰਫ ਮਨਪ੍ਰੀਤ ਸਿੰਘ ਹੀ ਕਮਾਉਂਦਾ ਸੀ।

ਉੱਧਰ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।