Punjab 02 Feb 2026 AJ DI Awaaj
Punjab Desk : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਅਗਲੇ ਹੀ ਦਿਨ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਸਿੱਧੂ ਪਰਿਵਾਰ ਨੂੰ ਲੈ ਕੇ ਵੱਡੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਉਹ ਭਾਜਪਾ ਵੱਲ ਮੁੜ ਸਕਦੇ ਹਨ।
ਪੀਐਮ ਮੋਦੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਕਾਂਗਰਸ ਨਾਲ ਨਾਤਾ ਤੋੜ ਚੁੱਕੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਐਕਸ (X) ‘ਤੇ ਪੋਸਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਲੋਕ ਭੋਲੇ-ਭਾਲੇ ਹਨ ਅਤੇ ਸੂਬੇ ਦੀਆਂ ਸਰਕਾਰਾਂ ਨੇ ਹਮੇਸ਼ਾ ਆਪਣੇ ਸਵਾਰਥਾਂ ਲਈ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਦਾ ਪੰਜਾਬ ‘ਚ ਦਿਲੋਂ ਸਵਾਗਤ ਹੈ।
ਨਵਜੋਤ ਕੌਰ ਸਿੱਧੂ ਨੇ ਸਵਾਲ ਉਠਾਇਆ ਕਿ ਜਦੋਂ ਦੇਸ਼ ਦਾ ਮੁਖੀ ਸੂਬੇ ਲਈ ਕੁਝ ਦੇਣ ਆਉਂਦਾ ਹੈ, ਤਾਂ ਉਸ ਦੇ ਦੌਰੇ ਨੂੰ ਵਿਗਾੜਨ ਲਈ ਵੱਖ-ਵੱਖ ਸਿਆਸੀ ਧਿਰਾਂ ਇਕੱਠੀਆਂ ਕਿਉਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਸੂਬੇ ਨੂੰ ਅੱਗੇ ਵਧਾਉਣ ਲਈ ਮੌਕਾ ਮਿਲਣਾ ਚਾਹੀਦਾ ਹੈ।
ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਭਾਜਪਾ, ਨਾ ‘ਆਪ’ ਅਤੇ ਨਾ ਹੀ ਕਿਸੇ ਹੋਰ ਪਾਰਟੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਿਕ ਦਬਾਅ ਹੇਠ ਨਹੀਂ, ਸਗੋਂ ਆਪਣੀ ਅੰਤਰਆਤਮਾ ਅਨੁਸਾਰ ਬੋਲ ਰਹੀਆਂ ਹਨ ਅਤੇ ਵਾਹਿਗੁਰੂ ਜੀ ਤੋਂ ਇਲਾਵਾ ਕਿਸੇ ਨੂੰ ਜਵਾਬਦੇਹ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ NGO ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀਆਂ ਹਨ ਅਤੇ ਆਤਮਿਕ ਉੱਨਤੀ ਵੱਲ ਧਿਆਨ ਦੇ ਰਹੀਆਂ ਹਨ।
ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਿੱਧੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਨੇ ਜਵਾਬਦੇਹੀ ਨਾਲ ਕੰਮ ਕਰਦੇ ਹੋਏ ਤਿੰਨ ਵਾਰ ਸਪੱਸ਼ਟ ਬਹੁਮਤ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਪੰਜਾਬ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ਵਿੱਚ ਮਾਈਨਿੰਗ ਅਤੇ ਸ਼ਰਾਬ ਨੀਤੀ ਸਿਰਫ਼ ਵੱਡੇ ਲੋਕਾਂ ਦੇ ਫਾਇਦੇ ਲਈ ਬਣਾਈ ਗਈ ਹੈ।
ਉਨ੍ਹਾਂ ਮੁਫ਼ਤ ਸਕੀਮਾਂ ਦੀ ਨੀਤੀ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਸਿੱਖਿਆ, ਸਿਹਤ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਪੈਸਾ ਲਗਾਉਣ ਦੀ ਬਜਾਏ ਸਰਕਾਰ ਆਪਣੀ ਛਵੀ ਬਣਾਉਣ ‘ਚ ਲੱਗੀ ਹੋਈ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੱਚ ਆਖ਼ਿਰ ਸਾਹਮਣੇ ਆਉਂਦਾ ਹੈ ਅਤੇ ਵਾਹਿਗੁਰੂ ਜੀ ਹੀ ਅਸਲ ਨਿਆਂਕਾਰ ਹਨ।














