ਸ੍ਰੀ ਮੁਕਤਸਰ ਸਾਹਿਬ ਵਿੱਚ ਮਹਿਲਾ ਉਧਮੀਆਂ ਲਈ ਮੇਲੇ ਦਾ ਆਯੋਜਨ

13

ਸ੍ਰੀ ਮੁਕਤਸਰ ਸਾਹਿਬ, 29 ਜਨਵਰੀ 2026 AJ DI Awaaj

Punjab Desk : ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ RAMP (ਰੇਜ਼ਿੰਗ ਅਤੇ ਐਕਸਲਰੇਟਿੰਗ ਐਮ ਐਸ ਐਮ ਈ) ਸਕੀਮ ਅਧੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਹਿਲਾ ਉੱਧਮੀਆਂ, ਸਵੈ ਸਹਾਇਤਾ ਸਮੂਹਾਂ ਅਤੇ ਸੂਖਮ ਲਘੂ ਅਤੇ ਮੱਧਮ ਉਦਯੋਗਿਕ ਯੂਨਿਟਾਂ ਨੂੰ ਪ੍ਰੋਤਸਾਹਨ ਦੇਣ ਲਈ ਜ਼ਿਲ੍ਹਾ ਪੱਧਰੀ ਮੇਲਾ“ ਪੰਜਾਬ ਸਖੀ ਸ਼ਕਤੀ ਮੇਲਾ – ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ” ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਮਾਣਯੋਗ ਸ੍ਰੀ ਸੁਰਿੰਦਰ ਸਿੰਘ ਢਿੱਲੋਂ, ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਮੇਲੇ ਦੇ ਸੁਚੱਜੇ ਆਯੋਜਨ ਸੰਬੰਧੀ ਵਿਸਥਾਰਪੂਰਕ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਪੱਧਰ ਦਾ ਮੇਲਾ ਫ਼ਰਵਰੀ ਮਹੀਨੇ ਦੇ ਆਖਰੀ ਹਫ਼ਤੇ, ਗੁਰੂ ਗੋਬਿੰਦ ਸਿੰਘ ਪਾਰਕ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਜਾਵੇਗਾ।

ਮੇਲੇ ਵਿੱਚ ਮਹਿਲਾ ਉੱਧਮੀਆਂ, ਸਵੈ ਸਹਾਇਤਾ ਸਮੂਹਾਂ, ਯੂਨਿਟਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਵੱਖ ਵੱਖ ਸਟਾਲਾਂ ਦੀ ਵਿਵਸਥਾ ਕੀਤੀ ਜਾਵੇਗੀ। ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਉਧਮੀਆਂ ਲਈ ਰਾਤ ਨੂੰ ਰਹਿਣ ਦੀ ਵਿਵਸਥਾ ਉਚੇਚੇ ਤੌਰ ਤੇ ਕੀਤੀ ਜਾਵੇਗੀ|

ਏਡੀਸੀ ਨੇ ਕਿਹਾ ਕਿ ਇਹ ਮੇਲਾ ਸਥਾਨਕ ਮਹਿਲਾ ਉਦਯੋਗਪਤੀਆਂ ਲਈ ਆਪਣੇ ਉਤਪਾਦਾਂ ਦੀ ਮਾਰਕੀਟਿੰਗ, ਵਿਕਰੀ ਅਤੇ ਨਵੇਂ ਵਪਾਰਕ ਮੌਕੇ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿਲ੍ਹੇ ਦੇ ਸਥਾਨਕ ਮਹਿਲਾ ਉੱਧਮੀਆਂ ਨੂੰ ਆਪਣੇ ਉਤਪਾਦਾਂ ਦੀ ਸਟਾਲ ਲਗਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਜਿਲ੍ਹੇ ਦੀ ਸਾਰੀ ਆਮ ਅਤੇ ਖਾਸ ਜਨਤਾ ਨੂੰ ਇਸ ਮੇਲੇ ਤੇ ਆਉਣ ਲਈ ਖੁੱਲਾ ਸੱਦਾ ਦਿੱਤਾ ਗਿਆ।

ਇਸ ਮੌਕੇ ਸ੍ਰੀ ਗੁਰਨਿਸ਼ਾਨ ਸਿੰਘ ਹੇਅਰ ਫੰਕਸ਼ਨਲ ਮੈਨੇਜਰ ਅਤੇ ਸ੍ਰੀ ਸੰਗੀਤ ਸਰੋਤਾ, ਫੰਕਸ਼ਨਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਮਣੀਕ , ਜਿਲ੍ਹਾ ਪ੍ਰੋਗਰਾਮ ਮੈਨੇਜਰ ਪੀ.ਐਸ.ਆਰ. ਐਲ.ਐਮ., ਮਿਸ ਮਨਪ੍ਰੀਤ ਕੌਰ, ਬਲਾਕ ਪੱਧਰ ਪ੍ਰਸਾਰ ਅਫਸਰ, ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਸੰਦੀਪ ਸਿੰਘ ਅਤੇ ਸ੍ਰੀ ਗੁਰਮੀਤ ਸਿੰਘ ਆਦਿ ਹਾਜ਼ਰ ਸਨ।