Punjab 19 Jan 2026 AJ DI Awaaj
Punjab Desk : ਗਰੀਬੀ ਅਤੇ ਮਜ਼ਬੂਰੀ ਪੰਜਾਬ ਸਮੇਤ ਦੇਸ਼ ਦੇ ਕਈ ਪਰਿਵਾਰਾਂ ਦੀਆਂ ਔਰਤਾਂ ਨੂੰ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਜਾਣ ਲਈ ਮਜਬੂਰ ਕਰ ਰਹੀ ਹੈ। ਪਰ ਕਈ ਵਾਰ ਇਹ ਫੈਸਲਾ ਇੰਨਾ ਦਰਦਨਾਕ ਸਾਬਤ ਹੁੰਦਾ ਹੈ ਕਿ ਮਾਂ ਆਪਣੇ ਬੱਚੇ ਅਤੇ ਪਤਨੀ ਆਪਣੇ ਪਤੀ ਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖ ਸਕਦੀ। ਓਮਾਨ ਦੀ ਰਾਜਧਾਨੀ ਮਸਕਟ ਵਿੱਚ ਫਸੀਆਂ ਦੋ ਭਾਰਤੀ ਔਰਤਾਂ ਦੇ ਅਜਿਹੇ ਹੀ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਏ ਹਨ।

ਚਾਲੀ ਮੁਕਤੀ ਦੀ ਪਵਿੱਤਰ ਧਰਤੀ ਨਾਲ ਸਬੰਧਿਤ ਮੰਗਾ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੀਂ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਮਸਕਟ ਵਿੱਚ ਫਸੀ ਉਸ ਦੀ ਪਤਨੀ ਨੂੰ ਤੁਰੰਤ ਭਾਰਤ ਵਾਪਸ ਲਿਆਂਦਾ ਜਾਵੇ। ਮੰਗਾ ਸਿੰਘ ਦਾ ਅੱਠ ਸਾਲਾ ਪੁੱਤਰ ਨਵਦੀਪ ਪਿਛਲੇ ਹਫ਼ਤੇ ਬਲੱਡ ਕੈਂਸਰ ਨਾਲ ਦਮ ਤੋੜ ਗਿਆ ਸੀ। ਮਾਂ ਦੇ ਨਾ ਪਹੁੰਚ ਸਕਣ ਕਾਰਨ ਬੱਚੇ ਦੀ ਲਾਸ਼ ਇੱਕ ਹਫ਼ਤੇ ਤੋਂ ਹਸਪਤਾਲ ਵਿੱਚ ਰੱਖੀ ਹੋਈ ਹੈ। ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਮਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮੰਗਾ ਸਿੰਘ ਨੇ ਦੱਸਿਆ ਕਿ ਪੁੱਤਰ ਦੇ ਇਲਾਜ ’ਤੇ ਭਾਰੀ ਖਰਚ ਹੋਣ ਕਾਰਨ ਪਰਿਵਾਰ ਕਰਜ਼ੇ ਹੇਠ ਆ ਗਿਆ ਸੀ। ਇਸੇ ਮਜਬੂਰੀ ਵੱਸ, ਉਸ ਦੀ ਪਤਨੀ ਪਿਛਲੇ ਸਾਲ ਸਤੰਬਰ ਵਿੱਚ ਓਮਾਨ ਗਈ ਸੀ। ਏਜੰਟਾਂ ਨੇ ਘਰੇਲੂ ਕੰਮ ਦੇ ਬਦਲੇ 25 ਤੋਂ 30 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਹਕੀਕਤ ਵਿੱਚ ਉਸ ਨਾਲ ਧੋਖਾਧੜੀ ਕੀਤੀ ਗਈ। ਉਸ ਨੇ ਤਿੰਨ ਮਹੀਨੇ ਬਿਨਾਂ ਕਿਸੇ ਸ਼ਿਕਾਇਤ ਦੇ ਸਖ਼ਤ ਮਿਹਨਤ ਕੀਤੀ।
ਜਦੋਂ ਉਸ ਨੂੰ ਪੁੱਤਰ ਦੀ ਗੰਭੀਰ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਭਾਰਤ ਵਾਪਸ ਜਾਣ ਦੀ ਇਜਾਜ਼ਤ ਮੰਗੀ, ਪਰ ਜਿਨ੍ਹਾਂ ਕੋਲ ਉਹ ਕੰਮ ਕਰ ਰਹੀ ਸੀ, ਉਨ੍ਹਾਂ ਨੇ ਵਾਪਸੀ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਦਿੱਤੀ। ਰਕਮ ਨਾ ਦੇ ਸਕਣ ਕਾਰਨ ਉਸ ਨੂੰ ਭਾਰਤ ਆਉਣ ਦੀ ਆਗਿਆ ਨਾ ਮਿਲੀ ਅਤੇ ਮਾਂ ਆਪਣੇ ਪੁੱਤਰ ਨੂੰ ਆਖਰੀ ਵਾਰ ਗਲੇ ਵੀ ਨਾ ਲਗਾ ਸਕੀ।
ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਤੋਂ ਵੀ ਇੱਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਓਮਾਨ ਵਿੱਚ ਫਸੀ ਇੱਕ ਔਰਤ ਆਪਣੇ ਪਤੀ ਰਸਾਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੀ। ਪਰਿਵਾਰ ਨੇ ਕਈ ਦਿਨਾਂ ਤੱਕ ਅੰਤਿਮ ਸੰਸਕਾਰ ਮੁਲਤਵੀ ਰੱਖਿਆ ਪਰ ਪਤਨੀ ਦੀ ਵਾਪਸੀ ਨਾ ਹੋ ਸਕੀ, ਜਿਸ ਕਾਰਨ ਮਜ਼ਬੂਰਨ ਅੰਤਿਮ ਸੰਸਕਾਰ ਕਰਨਾ ਪਿਆ। ਇਸ ਮਾਮਲੇ ਵਿੱਚ ਵੀ ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਅਪੀਲ ਕੀਤੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਦੋਵੇਂ ਮਾਮਲੇ ਤੁਰੰਤ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਓਮਾਨ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ, ਪਰ ਇਹ ਦੋਵੇਂ ਮਾਮਲੇ ਬਹੁਤ ਹੀ ਗੰਭੀਰ ਅਤੇ ਮਨੁੱਖਤਾ ਨੂੰ ਝੰਜੋੜਣ ਵਾਲੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੂਰੀ ਜਾਣਕਾਰੀ ਅਤੇ ਭਰੋਸੇਮੰਦ ਪ੍ਰਬੰਧਾਂ ਦੇ ਵਿਦੇਸ਼ ਜਾਣ ਤੋਂ ਬਚਿਆ ਜਾਵੇ, ਕਿਉਂਕਿ ਅਜਿਹੇ ਫੈਸਲੇ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੇ ਹਨ।














