ਅੰਮ੍ਰਿਤਸਰ 17 Jan 2026 AJ DI Awaaj
Punjab Desk : ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਅਰਨੇਜਾ ਹੋਂਡਾ ਏਜੰਸੀ ਵਿੱਚ ਇੱਕ ਸ਼ਾਤਰ ਚੋਰ ਨੇ ਹੈਰਾਨ ਕਰ ਦੇਣ ਵਾਲੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਨੇ ਸ਼ੋਅਰੂਮ ਦੇ ਦੋ ਸ਼ਟਰ ਤੋੜ ਕੇ ਅਤੇ ਕੰਧ ਵਿਚ ਸੁਰਾਖ ਕਰਕੇ ਅੰਦਰ ਦਾਖਲ ਹੋਇਆ ਅਤੇ ਲੱਖਾਂ ਰੁਪਏ ਨਕਦ ਨਾਲ ਭਰਿਆ ਕਰੀਬ 30 ਕਿਲੋ ਭਾਰ ਦਾ ਲੋਕਰ ਮੋਢਿਆਂ ‘ਤੇ ਚੁੱਕ ਕੇ ਫਰਾਰ ਹੋ ਗਿਆ।
ਏਜੰਸੀ ਦੇ ਸੇਲਸ ਅਫਸਰ ਨੇ ਦੱਸਿਆ ਕਿ ਲੋਕਰ ਵਿੱਚ ਇੱਕ ਦਿਨ ਦੀ ਪੂਰੀ ਸੇਲ ਦੀ ਰਕਮ ਪਈ ਹੋਈ ਸੀ। ਸ਼ੋਅਰੂਮ ਅੰਦਰ ਲੱਗੇ ਸੀਸੀਟੀਵੀ ਕੈਮਰੇ ਬੰਦ ਹੋਣ ਕਾਰਨ ਚੋਰ ਦੀ ਪਛਾਣ ਨਹੀਂ ਹੋ ਸਕੀ, ਹਾਲਾਂਕਿ ਬਾਹਰ ਲੱਗੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਚੋਰ ਦਾ ਮੂੰਹ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ, ਪਰ ਸੰਘਣੀ ਧੁੰਦ ਅਤੇ ਘੱਟ ਰੋਸ਼ਨੀ ਕਾਰਨ ਉਸਦੀ ਪਛਾਣ ਮੁਸ਼ਕਿਲ ਬਣੀ ਹੋਈ ਹੈ।
ਸ਼ੋਅਰੂਮ ਮੈਨੇਜਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਇੱਕ ਸੁਰੱਖਿਆ ਗਾਰਡ ਵੱਲੋਂ ਫੋਨ ਆਉਣ ‘ਤੇ ਉਨ੍ਹਾਂ ਨੂੰ ਚੋਰੀ ਦੀ ਜਾਣਕਾਰੀ ਮਿਲੀ। ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੀਸੀਟੀਵੀ ਦੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਇਕੱਲਾ ਸੀ, ਪੈਦਲ ਹੀ ਏਜੰਸੀ ਵਿੱਚ ਦਾਖਲ ਹੋਇਆ ਅਤੇ ਵਾਰਦਾਤ ਤੋਂ ਬਾਅਦ ਪੈਦਲ ਹੀ ਫਰਾਰ ਹੋ ਗਿਆ।
ਮੈਨੇਜਰ ਦੇ ਮੁਤਾਬਕ, ਚੋਰ ਜਿਸ ਤਰੀਕੇ ਨਾਲ ਸਿੱਧਾ ਸੇਫ ਤੱਕ ਪਹੁੰਚਿਆ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸਨੇ ਪਹਿਲਾਂ ਏਜੰਸੀ ਦੀ ਰੇਕੀ ਕੀਤੀ ਹੋਵੇਗੀ ਅਤੇ ਉਸ ਨੂੰ ਲੋਕਰ ਦੀ ਪੂਰੀ ਜਾਣਕਾਰੀ ਸੀ।
ਉੱਧਰ, ਮੁਹਕਮਪੁਰਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਮੌਕੇ ‘ਤੇ ਫੋਟੋਗ੍ਰਾਫੀ ਕੀਤੀ ਗਈ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।














