ਬਰਨਾਲਾ: ਸਰਪੰਚ ਸਮੇਤ 3 ਕਾਬੂ, ਪੰਜਾਬੀ ਸਿੰਗਰ ‘ਤੇ ਹਮਲੇ ਦੀ ਸਾਜ਼ਿਸ਼ ਨਾਕਾਮ

13

ਬਰਨਾਲਾ 12 Jan 2026 AJ DI Awaaj

Punjab Desk :  ਬਰਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹੋਣ ਵਾਲੇ ਹਮਲੇ ਦੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇੱਕ ਤਿੰਨ ਮੈਂਬਰੀ ਵਸੂਲੀ ਗੈਂਗ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ, ਜਿਸ ਵਿੱਚ ਪਿੰਡ ਦਾ ਮੌਜੂਦਾ ਸਰਪੰਚ ਵੀ ਸ਼ਾਮਲ ਹੈ। ਦੋਸ਼ੀ ਗਾਇਕ ਨੂੰ ਜਾਨੀ ਨੁਕਸਾਨ ਪਹੁੰਚਾ ਕੇ ਉਸ ਤੋਂ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਰਨਾਲਾ ਦੇ ਇੱਕ ਗੈਂਗ ਵੱਲੋਂ ਕਿਸੇ ਮੈਰਿਜ ਫੰਕਸ਼ਨ ਦੌਰਾਨ ਗਾਇਕ ਗੁਲਾਬ ਸਿੱਧੂ ‘ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਦੂਨਾ ਨਾਲ ਸਬੰਧਤ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ (ਜਿਸ ‘ਤੇ ਪਹਿਲਾਂ ਹੀ 12 ਕੇਸ ਦਰਜ ਹਨ), ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਪੁੱਤਰ ਬਲਦੇਵ ਸਿੰਘ (ਇਸ ਖਿਲਾਫ ਆਰਮਜ਼ ਐਕਟ ਦਾ ਇੱਕ ਕੇਸ ਦਰਜ ਹੈ) ਅਤੇ ਗੁਰਵਿੰਦਰ ਸਿੰਘ ਉਰਫ ਗਿੱਲ ਪੁੱਤਰ ਗੁਰਜੰਟ ਸਿੰਘ (ਜਿਸ ‘ਤੇ ਆਰਮਜ਼ ਐਕਟ ਤਹਿਤ ਦੋ ਕੇਸ ਦਰਜ ਹਨ) ਵਜੋਂ ਹੋਈ ਹੈ।

ਪੁਲਿਸ ਨੇ ਦੋਸ਼ੀਆਂ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਚਾਰ ਜਿੰਦਾ ਕਾਰ*ਤੂਸ, ਇੱਕ ਡੰਮੀ ਪਿਸਟਲ, ਚਾਰ ਮੋਬਾਈਲ ਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ।

ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ “ਸਰਪੰਚ” ਗੀਤ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ। ਇਸ ਗੀਤ ਕਾਰਨ ਗੈਂਗ ਦੇ ਇੱਕ ਮੈਂਬਰ ਅਤੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਜਾਰੀ ਕਰਕੇ ਗਾਇਕ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ, ਜਿਸ ਕਾਰਨ ਦੋਸ਼ੀਆਂ ਨੇ ਰੰਜਿਸ਼ ਰੱਖੀ ਹੋਈ ਸੀ।

ਪੁਲਿਸ ਅਨੁਸਾਰ, ਇਹ ਗੈਂਗ ਸੈਲੀਬ੍ਰਿਟੀਆਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਮੰਗਦਾ ਸੀ ਤਾਂ ਜੋ ਆਪਣਾ ਨਾਮ ਚਮਕਾ ਸਕੇ ਅਤੇ ਅਪਰਾਧਿਕ ਦੁਨੀਆ ਵਿੱਚ ਫੇਮ ਹਾਸਲ ਕਰ ਸਕੇ। ਬਰਨਾਲਾ ਪੁਲਿਸ ਨੇ ਵੱਡੀ ਘਟਨਾ ਤੋਂ ਪਹਿਲਾਂ ਹੀ ਇਸ ਗੈਂਗ ਨੂੰ ਕਾਬੂ ਕਰਕੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਬਣਾਇਆ ਹੈ।