ਸ੍ਰੀ ਮੁਕਤਸਰ ਸਾਹਿਬ 12 Jan 2026 AJ DI Awaaj
Punjab Desk : ਸ੍ਰੀ ਮੁਕਤਸਰ ਸਾਹਿਬ ਵਿੱਚ ਮਨਾਏ ਜਾਂਦੇ ਪ੍ਰਸਿੱਧ ਮੇਲਾ ਮਾਘੀ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਰਸ਼ਨਾਂ ਲਈ ਪਹੁੰਚਦੀ ਹੈ। ਇਸ ਮੌਕੇ ਸੰਗਤ ਨਾ ਸਿਰਫ਼ ਇਤਿਹਾਸਕ ਗੁਰਦੁਆਰਿਆਂ ਵਿੱਚ ਨਤਮਸਤਕ ਹੁੰਦੀ ਹੈ, ਸਗੋਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਅਹਿਮ ਥਾਵਾਂ ਦੇ ਵੀ ਦਰਸ਼ਨ ਕਰਦੀ ਹੈ।
ਗੁਰਦੁਆਰਾ ਟਿੱਬੀ ਸਾਹਿਬ ਤੋਂ ਕੁਝ ਦੂਰੀ ‘ਤੇ ਸਥਿਤ ਗੁਰਦੁਆਰਾ ਦਾਤਣਸਰ ਸਾਹਿਬ ਇੱਕ ਅਹਿਮ ਇਤਿਹਾਸਕ ਅਸਥਾਨ ਹੈ। ਸਿੱਖ ਇਤਿਹਾਸ ਅਨੁਸਾਰ, ਇਹ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਸਵੇਰੇ ਦਾਤਣ ਕਰਨ ਲਈ ਆਇਆ ਕਰਦੇ ਸਨ।

ਇਤਿਹਾਸਕ ਵਰਣਨਾਂ ਮੁਤਾਬਕ, ਇਸੇ ਸਥਾਨ ‘ਤੇ ਨੂਰਦੀਨ ਨਾਮ ਦੇ ਇੱਕ ਮੁਗਲ ਨੇ ਗੁਰੂ ਸਾਹਿਬ ਦੀ ਪਿੱਠ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਲੋਹੇ ਦੇ ਗੜਵੇ ਨਾਲ ਹੀ ਨੂਰਦੀਨ ਨੂੰ ਮੌਕੇ ‘ਤੇ ਹੀ ਮਾਰ ਮੁਕਾਇਆ।
ਇਤਿਹਾਸ ਅਨੁਸਾਰ, ਗੁਰੂ ਸਾਹਿਬ ਨੇ ਉਸ ਸਮੇਂ ਕਿਹਾ ਸੀ ਕਿ ਜੇਕਰ ਨੂਰਦੀਨ ਸਾਹਮਣੇ ਤੋਂ ਵਾਰ ਕਰਦਾ ਤਾਂ ਉਸਨੂੰ ਮੁਕਤੀ ਮਿਲ ਸਕਦੀ ਸੀ, ਪਰ ਪਿੱਠ ‘ਤੇ ਵਾਰ ਕਰਨ ਕਾਰਨ ਉਸਦੀ ਕਬਰ ‘ਤੇ ਜੁੱਤੀਆਂ ਹੀ ਪੈਣਗੀਆਂ। ਇਸੀ ਕਾਰਨ ਗੁਰਦੁਆਰਾ ਦਾਤਣਸਰ ਸਾਹਿਬ ਦੇ ਨਾਲ ਬਣੀ ਨੂਰਦੀਨ ਦੀ ਕਬਰ ‘ਤੇ ਲੋਕ ਅੱਜ ਵੀ ਜੁੱਤੀਆਂ ਮਾਰਦੇ ਹਨ।
ਮੇਲਾ ਮਾਘੀ ਦੇ ਦੌਰਾਨ ਇਹ ਸਥਾਨ ਸੰਗਤ ਲਈ ਸਿੱਖ ਇਤਿਹਾਸ ਦੀਆਂ ਯਾਦਾਂ ਨਾਲ ਜੁੜਿਆ ਇੱਕ ਵਿਸ਼ੇਸ਼ ਪੜਾਅ ਬਣ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਇਤਿਹਾਸਕ ਕਥਾਵਾਂ ਨੂੰ ਯਾਦ ਕਰਦੇ ਹੋਏ ਦਰਸ਼ਨ ਕਰਦੇ ਹਨ।














