ਜ਼ਮੀਨੀ ਵਿਵਾਦ ਤੋਂ ਤੰਗ ਆ ਕੇ ਕਿਸਾਨ ਦੀ ਮੌ*ਤ

52

ਬਰਨਾਲਾ: 06 Jan 2026 AJ DI Awaaj

Punjab Desk :  ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਕਾਰਨ ਪਰੇਸ਼ਾਨ ਇੱਕ ਵਜ਼ੁਰਗ ਕਿਸਾਨ ਦੀ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ 80 ਸਾਲਾ ਕਿਸਾਨ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਦਰਾਜ ਵਜੋਂ ਹੋਈ ਹੈ। ਉਹ ਆਪਣੀ 12 ਏਕੜ ਜ਼ਮੀਨ ਦੀ ਕਥਿਤ ਗਲਤ ਰਜਿਸਟਰੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ ਅਤੇ ਪਿਛਲੇ ਚਾਰ ਸਾਲਾਂ ਤੋਂ ਆਪਣੀ ਧੀ ਕੋਲ ਰਹਿ ਰਹੇ ਸਨ।

ਮ੍ਰਿ*ਤਕ ਦੀ ਧੀ ਕੁਲਵਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਪਰਿਵਾਰ ਵਿੱਚ ਤਿੰਨ ਧੀਆਂ ਹਨ ਅਤੇ ਕੋਈ ਪੁੱਤਰ ਨਹੀਂ। ਉਸਦਾ ਦੋਸ਼ ਹੈ ਕਿ ਮੇਜਰ ਸਿੰਘ ਦੇ ਭਤੀਜੇ ਵੱਲੋਂ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਦੀਆਂ ਰਜਿਸਟਰੀਆਂ ਆਪਣੇ ਨਾਂ ਕਰਵਾ ਲਈਆਂ ਗਈਆਂ। ਇਸ ਸਬੰਧੀ ਅਦਾਲਤ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਮੇਜਰ ਸਿੰਘ ਨੂੰ ਧਮਕੀਆਂ ਮਿਲਦੀਆਂ ਰਹੀਆਂ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦੇ ਸਨ।

ਪਰਿਵਾਰਕ ਮੈਂਬਰਾਂ ਅਨੁਸਾਰ ਘਟਨਾ ਵੇਲੇ ਉਹ ਘਰ ਤੋਂ ਬਾਹਰ ਗਏ ਹੋਏ ਸਨ ਅਤੇ ਬਾਅਦ ਵਿੱਚ ਇਹ ਘਟਨਾ ਸਾਹਮਣੇ ਆਈ। ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜ਼ਮੀਨ ਦੀ ਰਜਿਸਟਰੀ ਨੂੰ ਦਰੁਸਤ ਕਰਕੇ ਉਨ੍ਹਾਂ ਨੂੰ ਬਣਦਾ ਹੱਕ ਦਿਵਾਉਣ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਐੱਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨਾਲ ਜੁੜੀ ਮੌ*ਤ ਦੇ ਮਾਮਲੇ ਵਿੱਚ ਮ੍ਰਿ*ਤਕ ਦੀ ਧੀ ਦੇ ਬਿਆਨਾਂ ਦੇ ਆਧਾਰ ‘ਤੇ ਦੋ ਔਰਤਾਂ ਅਤੇ ਇੱਕ ਵਿਅਕਤੀ ਹਰਦੀਪ ਸਿੰਘ, ਵੀਰਪਾਲ ਕੌਰ ਅਤੇ ਮਨਜੀਤ ਕੌਰ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 108 ਅਤੇ 351(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਫ਼ਰਾਰ ਹਨ ਅਤੇ ਜਲਦ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।