ਤਰਨ ਤਾਰਨ 02 Jan 2026 AJ DI Awaaj
Punjab Desk : ਤਰਨ ਤਾਰਨ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਵਿਆਹ ਵਾਲੀ ਕੁੜੀ ਆਪਣੀ ਗੁਆਂਢ ਵਿੱਚ ਰਹਿਣ ਵਾਲੀ ਸਹੇਲੀ ਨਾਲ ਘਰੋਂ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਦੋਵੇਂ ਲੜਕੀਆਂ ਆਪਸ ਵਿੱਚ ਇਕੱਠੇ ਰਹਿਣਾ ਚਾਹੁੰਦੀਆਂ ਸਨ।
ਮਾਮਲੇ ਸਬੰਧੀ ਵਿਆਹ ਵਾਲੀ ਲੜਕੀ ਦੀ ਮਾਂ ਵੱਲੋਂ ਥਾਣਾ ਸਿਟੀ ਤਰਨ ਤਾਰਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਅਜੇ ਤੱਕ ਦੋਵੇਂ ਲੜਕੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮੁਰਾਦਪੁਰਾ ਇਲਾਕੇ ਦੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 14 ਜਨਵਰੀ 2026 ਨੂੰ ਤੈਅ ਸੀ ਅਤੇ ਵਿਆਹ ਲਈ ਦਾਜ ਦਾ ਸਾਮਾਨ ਵੀ ਤਿਆਰ ਕੀਤਾ ਜਾ ਚੁੱਕਾ ਸੀ। ਪਰ ਇਸ ਤੋਂ ਪਹਿਲਾਂ ਹੀ ਗੁਆਂਢ ਵਿੱਚ ਰਹਿਣ ਵਾਲੀ ਇਕ ਹੋਰ ਕੁੜੀ ਉਸ ਦੀ ਧੀ ਨੂੰ ਨਾਲ ਲੈ ਕੇ ਘਰੋਂ ਚਲੀ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਘਰੋਂ ਕਰੀਬ 30 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀਆਂ ਵਾਲੀਆਂ ਵੀ ਨਾਲ ਲੈ ਗਈ। ਦੋਵੇਂ ਲੜਕੀਆਂ ਇਕੱਠੀਆਂ ਸਕੂਲ ਵਿੱਚ ਪੜ੍ਹਦੀਆਂ ਰਹੀਆਂ ਹਨ ਅਤੇ ਉਨ੍ਹਾਂ ਵਿੱਚ ਕਾਫ਼ੀ ਸਮੇਂ ਤੋਂ ਨਜ਼ਦੀਕੀ ਸੀ।
ਪੁਲਿਸ ਵੱਲੋਂ ਦੋਵੇਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।














