ਵੋਟਿੰਗ ‘ਚ ਜ਼ਿਲ੍ਹਾ ਮਾਨਸਾ ਸੂਬੇ ਭਰ ‘ਚੋਂ ਦੂਜੇ ਸਥਾਨ ‘ਤੇ; ਗਿਣਤੀ ਅੱਜ

51

ਮਾਨਸਾ, 16 ਦਸੰਬਰ 2025 AJ DI Awaaj

Punjab Desk : ਜ਼ਿਲ੍ਹਾ ਪਰਿਸ਼ਦ ਮਾਨਸਾ ਅਤੇ 4 ਬਲਾਕ ਸੰਮਤੀਆਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਤੇ ਝੁਨੀਰ ਲਈ ਵੋਟਿੰਗ ਵਿੱਚ ਜ਼ਿਲ੍ਹਾ ਮਾਨਸਾ ਸੂਬੇ ਭਰ ਵਿੱਚੋਂ ਦੂਜੇ ਸਥਾਨ ‘ਤੇ ਰਿਹਾ। ਵੋਟਾਂ ਦੀ ਗਿਣਤੀ ਭਲਕੇ 17 ਦਸੰਬਰ ਨੂੰ ਹੋਵੇਗੀ, ਜਿਸ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਤੋਂ ਬਾਅਦ ਜ਼ਿਲ੍ਹਾ ਮਾਨਸਾ ਵਿੱਚ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਜੋ ਕਿ 56.2 ਫ਼ੀਸਦੀ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 245311 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚ 131293 ਪੁਰਸ਼ ਵੋਟਰਾਂ ਅਤੇ 114018 ਮਹਿਲਾ ਵੋਟਰਾਂ ਨੇ ਵੋਟ ਪਾਈ।
ਓਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਭਲਕੇ 17 ਦਸੰਬਰ ਨੂੰ ਹੋਣੀ ਹੈ ਜਿਸ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਹਨ।ਵੋਟਾਂ ਦੀ ਗਿਣਤੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਬੀਤੇ ਦਿਨੀ ਕਾਊਂਟਿੰਗ ਸਟਾਫ ਦੀ ਦੂਜੀ ਰੈਂਡਮਾਈਜ਼ੇਸ਼ਨ ਕਰਕੇ 404 ਦੇ ਕਰੀਬ ਕਾਊਂਟਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਓਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ ਅਤੇ ਪੰਚਾਇਤ ਸੰਮਤੀ ਮਾਨਸਾ ਲਈ ਆਡੀਟੋਰੀਅਮ ਹਾਲ, ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਗਿਣਤੀ ਹੋਵੇਗੀ। ਇਸੇ ਤਰ੍ਹਾਂ ਪੰਚਾਇਤ ਸੰਮਤੀ ਝੁਨੀਰ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੁਨੀਰ, ਸਰਦੂਲਗੜ੍ਹ ਲਈ ਸਰਦਾਰ ਬਲਰਾਜ ਸਿੰਘ ਭੂੰਦੜ, ਸਰਕਾਰੀ ਮੈਮੋਰੀਅਲ ਕਾਲਜ, ਸਰਦੂਲਗੜ੍ਹ ਅਤੇ ਬੁਢਲਾਡਾ ਲਈ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ, ਰੱਲੀ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਾਸੀਆਂ ਨੂੰ ਇਨ੍ਹਾਂ ਚੋਣਾਂ ਵਿਚ ਵਧ-ਚੜ੍ਹ ਕੇ ਵੋਟਿੰਗ ਕਰਨ ਅਤੇ ਅਮਨ-ਸ਼ਾਂਤੀ ਬਣਾਏ ਰੱਖਣ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵੋਟਾਂ ਦੀ ਗਿਣਤੀ ਵੀ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੇ ਸੁਚੱਜੇ ਤਰੀਕੇ ਨਾਲ ਕਰਵਾਈ ਜਾਵੇਗੀ।