ਬਿਨਾਂ ਹੈਲਮੈਟ ਬਾਈਕ ਚਲਾਉਣ ਦਾ ਵੀਡੀਓ ਵਾਇਰਲ, ਸੋਹੇਲ ਖਾਨ ਨੇ ਮੰਗੀ ਮਾਫੀ

53

Mumbai 16 Dec 2025 AJ DI Awaaj

Bollywood Desk : ਅਦਾਕਾਰ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਹਾਲ ਹੀ ਵਿੱਚ ਇੱਕ ਵਾਇਰਲ ਵੀਡੀਓ ਕਾਰਨ ਵਿਵਾਦਾਂ ਵਿੱਚ ਘਿਰ ਗਏ। ਇਸ ਵੀਡੀਓ ਵਿੱਚ ਉਹ ਬਿਨਾਂ ਹੈਲਮੈਟ ਬਾਈਕ ਚਲਾਉਂਦੇ ਨਜ਼ਰ ਆਏ। ਇਸ ਦੌਰਾਨ ਜਦੋਂ ਇੱਕ ਸ਼ਖ਼ਸ ਨੇ ਉਹਨਾਂ ਦੀ ਵੀਡੀਓ ਬਣਾਈ ਤਾਂ ਸੋਹੇਲ ਖਾਨ ਨੇ ਉਸ ’ਤੇ ਗੁੱਸਾ ਜਾਹਿਰ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਲੋਕਾਂ ਵੱਲੋਂ ਤੇਜ਼ ਪ੍ਰਤੀਕਿਰਿਆ ਸਾਹਮਣੇ ਆਈ।

ਮਾਮਲਾ ਵਧਣ ਤੋਂ ਬਾਅਦ ਸੋਹੇਲ ਖਾਨ ਨੇ ਖੁਦ ਸਾਹਮਣੇ ਆ ਕੇ ਸਰਵਜਨਿਕ ਤੌਰ ’ਤੇ ਮਾਫ਼ੀ ਮੰਗੀ ਅਤੇ ਆਪਣੀ ਸਫਾਈ ਦਿੱਤੀ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਸਭ ਨੂੰ ਹੈਲਮੈਟ ਪਾ ਕੇ ਹੀ ਬਾਈਕ ਚਲਾਉਣ ਦੀ ਅਪੀਲ ਕਰਦੇ ਹਨ।

ਸੋਹੇਲ ਖਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਕਈ ਵਾਰ ਉਹ ਹੈਲਮੈਟ ਨਹੀਂ ਪਾ ਸਕਦੇ ਕਿਉਂਕਿ ਉਨ੍ਹਾਂ ਨੂੰ ਕਲਾਸਟਰੋਫੋਬੀਆ (ਘੁੱਟਣ ਦੀ ਸਮੱਸਿਆ) ਮਹਿਸੂਸ ਹੁੰਦੀ ਹੈ, ਪਰ ਇਹ ਕੋਈ ਬਹਾਨਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬਾਈਕ ਚਲਾਉਣਾ ਉਨ੍ਹਾਂ ਦਾ ਬਚਪਨ ਤੋਂ ਸ਼ੌਂਕ ਰਿਹਾ ਹੈ ਅਤੇ ਉਹ ਆਮ ਤੌਰ ’ਤੇ ਦੇਰ ਰਾਤ ਘੱਟ ਟ੍ਰੈਫਿਕ ਵਿੱਚ ਹੌਲੀ ਅਤੇ ਸੁਰੱਖਿਅਤ ਤਰੀਕੇ ਨਾਲ ਰਾਈਡ ਕਰਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਪਣੀ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਭਵਿੱਖ ਵਿੱਚ ਹਮੇਸ਼ਾ ਹੈਲਮੈਟ ਪਾ ਕੇ ਹੀ ਬਾਈਕ ਚਲਾਉਣਗੇ। ਨਾਲ ਹੀ ਸੋਹੇਲ ਖਾਨ ਨੇ ਟ੍ਰੈਫਿਕ ਪੁਲਿਸ ਤੋਂ ਵੀ ਮਾਫ਼ੀ ਮੰਗੀ ਅਤੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਦੇ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ।

ਗੌਰਤਲਬ ਹੈ ਕਿ ਵਾਇਰਲ ਵੀਡੀਓ ਵਿੱਚ ਸੋਹੇਲ ਖਾਨ ਬਿਨਾਂ ਹੈਲਮੈਟ ਬਾਈਕ ਚਲਾਉਂਦੇ ਦਿਖ ਰਹੇ ਸਨ ਅਤੇ ਵੀਡੀਓ ਬਣਾਉਣ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਆਲੋਚਨਾ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਵਜਨਿਕ ਤੌਰ ’ਤੇ ਮਾਫ਼ੀ ਮੰਗਣੀ ਪਈ।