ਮਲੋਟ 15 Dec 2025 AJ DI Awaaj
Punjab Desk : ਸਵੇਰੇ ਪਈ ਸੰਘਣੀ ਧੁੰਦ ਕਾਰਨ ਮਲੋਟ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਪ੍ਰਾਈਵੇਟ ਜੀ ਟੀ ਬੀ ਸਕੂਲ ਦੇ 27 ਸਾਲਾ ਅਧਿਆਪਕ ਦੀ ਮੌ*ਤ ਹੋ ਗਈ, ਜਦਕਿ ਦੂਜਾ ਅਧਿਆਪਕ ਗੰਭੀਰ ਤੌਰ ‘ਤੇ ਜ਼*ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ, ਜੀ ਟੀ ਬੀ ਸਕੂਲ ਮਲੋਟ ਦੇ ਦੋ ਅਧਿਆਪਕ ਗਿੱਦੜਬਾਹਾ ਤੋਂ ਮਲੋਟ ਵੱਲ ਮੋਟਰਸਾਈਕਲ ‘ਤੇ ਆ ਰਹੇ ਸਨ। ਜਦੋਂ ਉਹ ਫੇੜੀ ਸਾਹਿਬ ਗੁਰਦੁਆਰਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਮੋਟਰਸਾਈਕਲ ਸੜਕ ‘ਤੇ ਖੜੇ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸਵਾਰ ਗੰਭੀਰ ਤੌਰ ‘ਤੇ ਜ਼*ਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਜ਼*ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਅਧਿਆਪਕ ਨੂੰ ਮ੍ਰਿ*ਤਕ ਘੋਸ਼ਿਤ ਕਰ ਦਿੱਤਾ। ਦੂਜੇ ਅਧਿਆਪਕ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਮ੍ਰਿਤ*ਕ ਦੀ ਪਛਾਣ ਅਨਮੋਲ ਵਜੋਂ ਹੋਈ ਹੈ, ਜੋ ਜੀ ਟੀ ਬੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਨਿੱਕੀ ਧੀ ਛੱਡ ਗਏ ਹਨ।
ਇਸ ਹਾਦਸੇ ਨਾਲ ਸਕੂਲ ਪ੍ਰਬੰਧਨ, ਸਹਿਕਰਮੀਆਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।














