ਜ਼ਿਲ੍ਹੇ ਦੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ਟ੍ਰੇਨਿੰਗ

50
ਰੂਪਨਗਰ, 11 ਦਸੰਬਰ 2025 AJ DI Awaaj
Punjab Desk : ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ, ਜ਼ਿਲ੍ਹਾ ਤਪਦਿਕ ਅਫਸਰ ਡਾ. ਡੋਰੀਆ ਬੱਗਾ ਅਤੇ ਵਿਸ਼ਵ ਸਿਹਤ ਸੰਸਥਾ ਤੋਂ ਸਟੇਟ ਕੰਸਲਟੈਂਟ ਡਾ. ਕਾਮੇਸ਼ ਦੀ ਅਗਵਾਈ ਵਿੱਚ ਅੱਜ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਦੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਸੀ.ਐੱਚ.ਓ. ਅਤੇ ਟੀ.ਬੀ.ਸਟਾਫ ਨੇ ਹਿੱਸਾ ਲਿਆ।
ਇਸ ਟ੍ਰੇਨਿੰਗ ਵਿੱਚ ਕਮਜ਼ੋਰ ਆਬਾਦੀ ਦੀ ਸਕਰੀਨਿੰਗ, ਸੀਵਾਈ–ਟੈਸਟਿੰਗ, ਟੀ. ਬੀ. ਨੋਟੀਫਿਕੇਸ਼ਨ ਕਰਨਾ, ਟੈਸਟਿੰਗ, ਸੈਂਪਲ, ਐਨਟੀਪੀਟੀ (ਟੀਬੀ ਰੋਕਥਾਮ ਇਲਾਜ), ਡੀਟੀਬੀਸੀ (ਵਿਭਿੰਨ ਟੀਬੀ ਕੇਅਰ ਮੋਡੀਊਲ), ਮੌਤ ਆਡਿਟ ਅਤੇ ਛਾਤੀ ਦਾ ਐਕਸ-ਰੇ ਰਿਪੋਰਟ ਨਿਕਸ਼ੈ ਪੋਰਟਲ ਵਿੱਚ ਆਨ ਲਾਈਨ ਅਪਡੇਟ ਕਰਨਾ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਟੀ.ਬੀ. ਦੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਮਰੀਜ਼ ਨੂੰ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ ਲਾ ਇਲਾਜ ਨਹੀ ਹੈ, ਇਹ ਬਿਮਾਰੀ ਇਲਾਜਯੋਗ ਹੈ। ਉਨ੍ਹਾਂ ਕਿਹਾ ਕਿ ਡੋਟਸ ਇਸ ਦਾ ਪੱਕਾ ਇਲਾਜ ਹੈ। ਇਸ ਦਾ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾਂ ਅਤੇ ਡਿਸਪੈਸਰੀਆ ਵਿੱਚ ਕਰਮਚਾਰੀਆਂ ਦੀ ਨਿਗਰਾਨੀ ਹੇਠ ਬਿਲਕੁਲ ਮੁਫਤ ਕੀਤਾ ਜਾਦਾ ਹੈ।
ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਦੋ ਹਫ਼ਤਿਆਂ ਤੋਂ ਵੱਧ ਲਗਾਤਾਰ ਸੁੱਕੀ ਜਾਂ ਬਲਗਮ ਵਾਲੀ ਖੰਘ ਆਉਣਾ, ਕਈ ਵਾਰ ਕਫ਼ ਵਿੱਚ ਖੂਨ ਵੀ ਆ ਸਕਦਾ ਹੈ। ਛਾਤੀ ਵਿੱਚ ਦਰਦ, ਸਾਹ ਫੁੱਲਣਾ ਜਾਂ ਘਬਰਾਹਟ ਮਹਿਸੂਸ ਹੋਣਾ, ਬਿਨਾਂ ਕਾਰਨ ਦੇ ਭਾਰ ਘਟਣਾ, ਭੁੱਖ ਨਾ ਲੱਗਣਾ, ਸਰੀਰ ਵਿੱਚ ਕਮਜ਼ੋਰੀ ਅਤੇ ਲਗਾਤਾਰ ਥਕਾਵਟ ਰਹਿਣਾ, ਸ਼ਾਮ ਜਾਂ ਰਾਤ ਨੂੰ ਹਲਕਾ ਜਾਂ ਤੇਜ਼ ਬੁਖਾਰ ਅਤੇ ਠੰਢ-ਕੰਪਕੰਪੀ ਚੜ੍ਹਨਾ, ਰਾਤ ਨੂੰ ਵੱਧ ਪਸੀਨਾ ਆਉਣਾ। ਇਹ ਲੱਛਣ ਦਿੱਤੇ ਸਮੇਂ ਤੱਕ ਰਹਿਣ, ਖ਼ਾਸ ਕਰਕੇ ਖੰਘ 2–3 ਹਫ਼ਤੇ ਤੋਂ ਵੱਧ ਚੱਲੇ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਟੈਸਟ ਕਰਵਾਉਣਾ ਜ਼ਰੂਰੀ ਹੈ, ਕਿਉਂਕਿ ਜਲਦੀ ਪਤਾ ਲੱਗਣ ਨਾਲ ਇਲਾਜ ਆਸਾਨ ਅਤੇ ਸਫਲ ਹੁੰਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਨਵਜਨਮੇ ਬੱਚਿਆਂ ਨੂੰ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਬੀਸੀਜੀ ਟੀਕਾ ਲਗਵਾਉਣਾ ਚਾਹੀਦਾ ਹੈ ਜੋ ਕਿ ਗੰਭੀਰ ਟੀਬੀ ਤੋਂ ਬਚਾਅ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦੇ ਮਰੀਜ਼ ਨਾਲ ਰਹਿੰਦੇ ਸਮੇਂ ਖੰਘਣ, ਛਿੱਕਣ ਜਾਂ ਗੱਲ ਕਰਦੇ ਸਮੇਂ ਮੂੰਹ ਤੇ ਮਾਸਕ ਜਾਂ ਰੁਮਾਲ ਰੱਖਣਾ ਚਾਹੀਦਾ ਹੈ ਅਤੇ ਭੀੜ ਵਾਲੇ ਬੰਦ ਕਮਰਿਆਂ ਤੋਂ ਬਚਣਾ, ਕਮਰੇ ਵਿੱਚ ਹਵਾ ਦਾਖ਼ਲ ਹੋਣ ਲਈ ਖਿੜਕੀਆਂ-ਦਰਵਾਜ਼ੇ ਖੁੱਲ੍ਹੇ ਰੱਖਣ ਤਾਂ ਜੋ ਜੀਵਾਣੂ ਹਵਾ ਵਿੱਚ ਘੁਲ ਕੇ ਘੱਟ ਹੋਣ। ਉਨ੍ਹਾਂ ਦੱਸਿਆ ਕਿ ਜਿਸ ਨੂੰ ਟੀਬੀ ਹੈ, ਉਸ ਦੀ ਦਵਾਈ ਪੂਰਾ ਕੋਰਸ ਮੁਕੰਮਲ ਕਰਵਾਉਣਾ ਬਹੁਤ ਜ਼ਰੂਰੀ ਹੈ, ਦਵਾਈ ਅਧੂਰੀ ਛੱਡਣ ਨਾਲ ਬਿਮਾਰੀ ਵਾਪਸ ਭੜਕ ਸਕਦੀ ਹੈ ਅਤੇ ਦਵਾਈ-ਰੋਧੀ (ਡਰੱਗ ਰਜ਼ਿਸਟੈਂਟ) ਟੀਬੀ ਬਣ ਸਕਦੀ ਹੈ ਹੋਰ ਅਹਿਮ ਸਲਾਹਟੀਬੀ ਛੂਤ ਦੀ ਬਿਮਾਰੀ ਹੈ, ਪਰ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ ਜੇ ਸਮੇਂ ਸਿਰ ਜਾਂਚ ਅਤੇ ਪੂਰਾ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਲਗਾਤਾਰ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਖ਼ਾਸ ਕਰਕੇ ਜੇ ਘਰ ਵਿੱਚ ਜਾਂ ਨੇੜੇ-ਤੜੇ ਕਿਸੇ ਨੂੰ ਪਹਿਲਾਂ ਟੀਬੀ ਰਹੀ ਹੋਵੇ ਤਾਂ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੇ ਤੁਹਾਨੂੰ ਆਪਣੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਵਿੱਚ ਇਹ ਲੱਛਣ ਲੱਗ ਰਹੇ ਹਨ ਤਾਂ ਘਰ ਵਿੱਚ ਇਲਾਜ ਕਰਨ ਦੀ ਬਜਾਏ ਤੁਰੰਤ ਡਾਕਟਰ ਜਾਂ ਨੇੜਲੇ ਹਸਪਤਾਲ ਵਿੱਚ ਜਾ ਕੇ ਚੈੱਕਅੱਪ ਕਰਵਾਓl