ਫਰੀਦਕੋਟ 11 ਦਸੰਬਰ 2025 AJ DI Awaaj
Punjab Desk : ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਰਹਿਨੁਮਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਦੇ ਸਹਿਯੋਗ ਨਾਲ਼ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਮਨੁੱਖੀ ਅਧਿਕਾਰ ਦਿਵਸ ਅਤੇ ਏਡਜ਼ ਵਿਸ਼ੇ ਉੱਪਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਦਿਵਸ ਨੂੰ ਮਨਾਉਣ ਦੇ ਇਵਜ਼ ਵਜੋਂ ਮਨੁੱਖੀ ਅਧਿਕਾਰ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਇਸ ਦਫਤਰ ਵੱਲੋਂ ਚੀਫ ਲੀਗਲ ਏਡ ਡਿਫੈਂਸ ਕੌਂਸਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਇਸ ਦਿਵਸ ਦੀ ਮਹੱਤਤਾ ਨੂੰ ਦੱਸਿਆ ਗਿਆ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਸ਼ੈਂਪੀ ਚੌਧਰੀ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇ ਤੌਰ ਤੇ ਪਹੁੰਚੇ। ਇਸ ਵਿੱਚ ਜੇਲ੍ਹ ਵਿੱਚ ਮੌਜੂਦ ਬੰਦੀਆਂ ਅਤੇ ਜੇਲ੍ਹ ਦੇ ਸਟਾਫ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀ-ਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ਼ ਹੀ ਉਪਰੋਕਤ ਵਿਸ਼ੇ ਸਬੰਧੀ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਅਤੇ ਲੀਗਲ ਲੀਟਰੇਸੀ ਕਲੱਬਾਂ ਵਿੱਚ ਵੀ ਅਧਿਆਪਕਾਂ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਉਪਰੋਕਤ ਵਿਸ਼ੇ ਸਬੰਧੀ ਹੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪ੍ਰਿੰਸੀਪਲ ਮੈਜਿਸਟ੍ਰੇਟ ਜੂਵੇਨਾਈਲ ਜਸਟਿਸ ਬੋਰਡ, ਫਰੀਦਕੋਟ ਨੇ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਵੀ ਇਸ ਵਿਸ਼ੇ ਨਾਲ਼ ਸਬੰਧਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਤਾਂ ਜੋ ਬਾਲ ਸੁਧਾਰ ਘਰ ਵਿੱਚ ਰਹਿੰਦੇ ਬੱਚਿਆਂ ਨੂੰ ਉਕਤ ਵਿਸ਼ਿਆਂ ਸਬੰਧੀ ਜਾਣਕਾਰੀ ਹਾਸਲ ਹੋ ਸਕੇ।
ਇਸ ਤੋਂ ਇਲਾਵਾ ਇਸ ਮੌਕੇ ਏਡਜ਼ ਦੀ ਜਾਗਰੂਕਤਾ ਸਬੰਧੀ ਫਰੀਦਕੋਟ ਏਡਜ਼ ਇਕਾਈ ਦੇ ਇੰਚਾਰਜ ਸ੍ਰੀਮਤੀ ਮਨੀਸ਼ਾ ਵੱਲੋਂ ਵੀ ਉਕਤ ਵਿਸ਼ੇ ਨਾਲ਼ ਸਬੰਧਿਤ ਚੱਲ ਰਹੀ ਕੰਪੇਨ ਤਹਿਤ ਇਸ ਮਾਰੂ ਬਿਮਾਰੀ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਦੀ ਰੋਕ-ਥਾਮ ਪ੍ਰਤੀ ਖੁੱਲ੍ਹ ਕੇ ਚਾਨਣਾ ਪਾਇਆ ਗਿਆ। ਉਨ੍ਹਾਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਹ ਮਨੁੱਖੀ ਸਰੀਰ ਵਿੱਚ ਫੈਲਿਆ ਹੋਇਆ ਇੱਕ ਕਿਸਮ ਦਾ ਵਾਇਰਸ ਹੁੰਦਾ ਹੈ ਜਿਸ ਦਾ ਪਰਹੇਜ਼ ਹੀ ਮੁੱਖ ਇਲਾਜ ਹੈ ਅਤੇ ਸਮੇਂ ਸਿਰ ਜਾਂਚ ਹੋਣ ਤੇ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਨਿਜਾਤ ਵੀ ਪਾਈ ਜਾ ਸਕਦੀ ਹੈ। ਅੰਤ ਵਿੱਚ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਡਿਪਟੀ ਸੁਪਰਡੈਂਟ ਜੇਲ੍ਹ ਵੱਲੋਂ ਆਏ ਹੋਏ ਸਾਰੇ ਹੀ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।














