ਵਾਇਰਲ ਆਡੀਓ ਮਾਮਲਾ: ਅੱਜ ਹਾਈਕੋਰਟ ਵਿੱਚ ਸੁਣਵਾਈ, ਚੋਣ ਕਮਿਸ਼ਨ ਦੀ ਰਿਪੋਰਟ ਸੰਭਾਵਿਤ

41

Chandigarh 10 Dec 2025 AJ DI Awaaj

Chandigarh Desk : ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵਾਇਰਲ ਹੋਈ ਕਥਿਤ ਆਡੀਓ ਕਲਿੱਪ ਦੇ ਮਾਮਲੇ ‘ਚ ਅੱਜ ਪੰਜਾਬ–ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਸੁਣਵਾਈ ਦੌਰਾਨ ਸੰਭਾਵਨਾ ਹੈ ਕਿ ਪੰਜਾਬ ਚੋਣ ਕਮਿਸ਼ਨ ਆਪਣੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇ।

ਕੁਝ ਦਿਨ ਪਹਿਲਾਂ ਇੱਕ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਚੋਣਾਂ ਸਬੰਧੀ ਵਿਵਾਦਿਤ ਨਿਰਦੇਸ਼ ਸੁਣਨ ਨੂੰ ਮਿਲੇ ਸਨ। ਇਸ ਆਡੀਓ ਦਾ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਵਿਰੋਧ ਕੀਤਾ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਡੀਓ ਕਲਿੱਪ ਸਾਂਝੀ ਕਰਦੇ ਹੋਏ ਤੁਰੰਤ ਜਾਂਚ ਦੀ ਮੰਗ ਕੀਤੀ ਸੀ। ਇਸੇ ਸਬੰਧੀ ਇੱਕ ਪਟੀਸ਼ਨ ਹਾਈਕੋਰਟ ਵਿੱਚ ਦਾਖਲ ਕੀਤੀ ਗਈ ਸੀ, ਜਿਸ ‘ਤੇ ਅੱਜ ਸੁਣਵਾਈ ਨਿਯਤ ਹੈ।

ਤਾਜ਼ਾ ਦਿਨਾਂ ਦੌਰਾਨ ਇਹ ਮਾਮਲਾ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਗਰਮਾਇਆ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ, ਇਸ ਦੌਰਾਨ ਪਟਿਆਲਾ ਤੋਂ ਕੁਝ ਵਿਵਾਦਿਤ ਤਸਵੀਰਾਂ ਅਤੇ ਇਹ ਆਡੀਓ ਕਲਿੱਪ ਵੀ ਸਾਹਮਣੇ ਆਈ ਸੀ।

ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਹੈ ਕਿ ਕਥਿਤ ਆਡੀਓ ਦੀ ਪੂਰੀ ਜਾਂਚ ਹੋਵੇ ਅਤੇ ਜਿਨ੍ਹਾਂ ਨੇ ਵੀ ਇਹ ਨਿਰਦੇਸ਼ ਦਿੱਤੇ ਹਨ, ਉਨ੍ਹਾਂ ਉੱਤੇ ਕੜੀ ਕਾਰਵਾਈ ਕੀਤੀ ਜਾਵੇ। ਹੁਣ ਸਾਰੇ ਦੀਆਂ ਨਿਗਾਹਾਂ ਹਾਈਕੋਰਟ ਦੇ ਅੱਜ ਦੇ ਫ਼ੈਸਲੇ ‘ਤੇ ਟਿਕੀਆਂ ਹਨ।