ਪੰਜਾਬ ਪੁਲਿਸ ਦੀ ਕਥਿਤ ਆਡੀਓ ਕਲਿੱਪ ਮਾਮਲਾ

34

Punjab 05 Dec 2025 AJ DI Awaaj

Punjab Desk : ਪੰਜਾਬ ਪੁਲਿਸ ਦੀ ਇੱਕ ਕਥਿਤ ਆਡੀਓ ਕਲਿੱਪ ਸਾਹਮਣੇ ਆਉਣ ਮਗਰੋਂ ਚੋਣ ਕਮਿਸ਼ਨ ਨੇ ਇਸ ਮਾਮਲੇ ‘ਤੇ ਗੰਭੀਰ ਨੋਟਿਸ ਲਿਆ ਹੈ। ਚੋਣ ਕਮਿਸ਼ਨਰ ਕਮਲ ਰਾਜ ਚੌਧਰੀ ਨੇ ਪੰਜਾਬ ਦੇ DGP ਗੌਰਵ ਯਾਦਵ ਤੋਂ ਇਸ ਕਲਿੱਪ ਬਾਰੇ ਵਿਸਥਾਰਪੂਰਨ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਕਮਿਸ਼ਨ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

ਕਥਿਤ ਆਡੀਓ ਕਲਿੱਪ ਵਿੱਚ ਪਟਿਆਲਾ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਲਈ ਰਣਨੀਤੀਆਂ ‘ਤੇ ਚਰਚਾ ਕਰਦੇ ਸੁਣਿਆ ਗਿਆ ਸੀ। ਇਸ ਆਡੀਓ ਦੇ ਵਾਇਰਲ ਹੋਣ ਨਾਲ ਸਿਆਸੀ ਗਲਿਆਰਿਆਂ ਵਿੱਚ ਕਾਫੀ ਹਲਚਲ ਪੈਦਾ ਹੋ ਗਈ।

ਦੂਜੇ ਪਾਸੇ, SSP ਪਟਿਆਲਾ ਵੱਲੋਂ ਇਸ ਆਡੀਓ ਕਲਿੱਪ ਨੂੰ ਫੇਕ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਇਹ AI ਜਨਰੇਟਿਡ ਕਲਿੱਪ ਹੈ ਜੋ ਜਨਤਕ ਮਾਹੌਲ ਅਤੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਨੀਤ ਨਾਲ ਤਿਆਰ ਕੀਤੀ ਗਈ ਹੈ।

ਇਹ ਮਾਮਲਾ ਇਸ ਲਈ ਵੀ ਸੰਵੇਦਨਸ਼ੀਲ ਬਣਿਆ ਹੋਇਆ ਹੈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ, ਅਤੇ ਆਡੀਓ ਕਲਿੱਪ ਵਿੱਚ ਵੀ ਇਸੇ ਮੁੱਦੇ ‘ਤੇ ਗੱਲਬਾਤ ਸੁਣਾਈ ਦੇ ਰਹੀ ਸੀ। SSP ਵਰੁਣ ਸ਼ਰਮਾ ਦੀ ਆਵਾਜ਼ ਹੋਣ ਦੇ ਦਾਵਿਆਂ ਨੂੰ ਵੀ ਪੁਲਿਸ ਨੇ ਨਕਾਰ ਦਿੱਤਾ ਹੈ।