ਸਰਦੀਆਂ ‘ਚ ਵਧਦਾ ਹੈ ਗੁਰਦੇ ਦੀ ਪੱਥਰੀ ਦਾ ਖਤਰਾ

60

Punjab 25 Nov 2025 AJ DI Awaaj

Health Desk : ਸਰਦੀਆਂ ਦੀ ਠੰਡ ਅਕਸਰ ਸਰੀਰ ਨੂੰ ਪਾਣੀ ਦੀ ਲੋੜ ਬਾਰੇ ਧੋਖੇ ਵਿੱਚ ਰੱਖਦੀ ਹੈ। ਇਸ ਮੌਸਮ ਵਿੱਚ ਲੋਕ ਪਿਆਸ ਘੱਟ ਮਹਿਸੂਸ ਕਰਦੇ ਹਨ ਅਤੇ ਪਾਣੀ ਵੀ ਘੱਟ ਪੀਂਦੇ ਹਨ, ਜਿਸ ਨਾਲ ਡੀਹਾਈਡਰੇਸ਼ਨ ਵੱਧਦਾ ਹੈ ਤੇ ਗੁਰਦੇ ਦੀ ਪੱਥਰੀ ਦਾ ਜੋਖਮ ਦੂਣਾ ਹੋ ਜਾਂਦਾ ਹੈ। ਡਾਕਟਰਾਂ ਮੁਤਾਬਕ ਠੰਡੇ ਮੌਸਮ ਵਿੱਚ ਪਿਸ਼ਾਬ ਜ਼ਿਆਦਾ ਗਾੜ੍ਹਾ ਹੋ ਜਾਂਦਾ ਹੈ ਅਤੇ ਕੈਲਸ਼ੀਅਮ, ਆਕਸਲੇਟ ਤੇ ਯੂਰਿਕ ਐਸਿਡ ਵਰਗੇ ਤੱਤ ਮਿਲ ਕੇ ਪੱਥਰੀ ਬਣਾਉਂਦੇ ਹਨ।

ਯੂਰੋਲੋਜਿਸਟ ਡਾ. ਭਾਵਿਨ ਪਟੇਲ ਦੱਸਦੇ ਹਨ ਕਿ ਜ਼ਿਆਦਾ ਨਮਕ, ਰੈੱਡ ਮੀਟ, ਤਲ੍ਹੇ ਹੋਏ ਭੋਜਨ ਅਤੇ ਪ੍ਰੋਸੈਸਡ ਫੂਡ ਵੀ ਪੱਥਰੀ ਬਣਾਉਣ ਦਾ ਵੱਡਾ ਕਾਰਨ ਹਨ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਪੱਥਰੀ ਰਹਿ ਚੁੱਕੀ ਹੈ, ਮੋਟਾਪਾ, ਸ਼ੂਗਰ ਜਾਂ ਯੂਰਿਕ ਐਸਿਡ ਵੱਧਿਆ ਰਹਿੰਦਾ ਹੈ, ਉਨ੍ਹਾਂ ਨੂੰ ਸਰਦੀਆਂ ਦੌਰਾਨ ਖ਼ਾਸ ਸਾਵਧਾਨੀ ਰੱਖਣੀ ਚਾਹੀਦੀ ਹੈ।

ਕਈ ਰਿਸਰਚਾਂ ਵੀ ਇਹ ਦੱਸਦੀ ਹਨ ਕਿ ਠੰਡ ਦੇ ਦਿਨਾਂ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ, ਨਤੀਜੇ ਵਜੋਂ ਲੰਬੇ ਸਮੇਂ ਦੀ ਹਲਕੀ ਡੀਹਾਈਡਰੇਸ਼ਨ ਪੱਥਰੀ ਦਾ ਖਤਰਾ ਵਧਾਉਂਦੀ ਹੈ।

ਗੁਰਦੇ ਦੀ ਪੱਥਰੀ ਦੇ ਲੱਛਣ

  • ਪਿੱਠ, ਕਮਰ ਜਾਂ ਪੇਟ ਵਿੱਚ ਚੁੱਭਣ ਵਾਲਾ ਤੇਜ਼ ਦਰਦ
  • ਪਿਸ਼ਾਬ ਕਰਦੇ ਸਮੇਂ ਜਲਣ
  • ਬਦਬੂਦਾਰ ਜਾਂ ਗਾੜ੍ਹਾ ਪਿਸ਼ਾਬ
  • ਉਲਟੀ ਜਾਂ ਮਤਲਾਬ
  • ਵਾਰ-ਵਾਰ ਪਿਸ਼ਾਬ ਆਉਣਾ
  • ਪਿਸ਼ਾਬ ਵਿੱਚ ਖੂਨ

ਜੇ ਇਹ ਲੱਛਣ ਦਿਖਣ, ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਜਰੂਰੀ ਹੈ।

ਪੱਥਰੀ ਦਾ ਇਲਾਜ

ਛੋਟੀਆਂ ਪੱਥਰੀਆਂ ਕਈ ਵਾਰ ਵੱਧ ਪਾਣੀ ਪੀਣ ਨਾਲ ਆਪਣੇ ਆਪ ਨਿਕਲ ਜਾਂਦੀਆਂ ਹਨ। ਪਰ ਵੱਡੀਆਂ ਪੱਥਰੀਆਂ ਲਈ ਸ਼ੋਕ ਵੇਵ, ਲੇਜ਼ਰ ਜਾਂ ਐਂਡੋਸਕੋਪਿਕ ਇਲਾਜ ਦੀ ਲੋੜ ਪੈਂਦੀ ਹੈ।


ਸਰਦੀਆਂ ਵਿੱਚ ਪੱਥਰੀ ਤੋਂ ਬਚਣ ਲਈ 6 ਜਰੂਰੀ ਕੰਮ

  1. ਰੋਜ਼ 10–12 ਗਲਾਸ ਪਾਣੀ ਪੀਓ, ਭਾਵੇਂ ਪਿਆਸ ਨਾ ਲੱਗੇ।
  2. ਨਮਕ ਘੱਟ ਕਰੋ, ਪ੍ਰੋਸੈਸਡ ਤੇ ਪੈਕਡ ਫੂਡ ਤੋਂ ਬਚੋ।
  3. ਨਿੰਬੂ, ਸੰਤਰਾ ਅਤੇ ਖੱਟੇ ਫਲ ਖਾਓ — ਇਨ੍ਹਾਂ ਵਿੱਚ ਮੌਜੂਦ ਸਿਟਰੇਟ ਪੱਥਰੀ ਨੂੰ ਰੋਕਦਾ ਹੈ।
  4. ਰੈੱਡ ਮੀਟ ਤੇ ਤਲ੍ਹੇ ਭੋਜਨ ਦੀ ਵਰਤੋਂ ਘੱਟ ਕਰੋ।
  5. ਹਲਕੀ-ਫੁਲਕੀ ਕਸਰਤ ਰੋਜ਼ ਕਰੋ, ਜਿਸ ਨਾਲ ਗੁਰਦੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
  6. ਯੂਰਿਕ ਐਸਿਡ, ਸ਼ੂਗਰ ਅਤੇ ਵਜ਼ਨ ਨਿਯੰਤ੍ਰਣ ਵਿੱਚ ਰੱਖੋ।

ਸਰਦੀਆਂ ਦੀ ਸਹੀ ਸਾਵਧਾਨੀ ਨਾਲ ਤੁਸੀਂ ਗੁਰਦੇ ਦੀ ਪੱਥਰੀ ਤੋਂ ਬਚ ਸਕਦੇ ਹੋ ਅਤੇ ਸਿਹਤਮੰਦ ਰਹਿ ਸਕਦੇ ਹੋ।