ਅਮਰੀਕੀ ਰਿਪੋਰਟ: ਓਪਰੇਸ਼ਨ ‘ਸਿੰਦੂਰ’ ਤੋਂ ਬਾਅਦ ਚੀਨ ਨੇ ਰਾਫੇਲ ਖ਼ਿਲਾਫ਼ ਚਲਾਇਆ ਦੁਸ਼ਪ੍ਰਚਾਰ ਮੁਹਿੰਮ

16
ਅਮਰੀਕੀ ਰਿਪੋਰਟ: ਓਪਰੇਸ਼ਨ ‘ਸਿੰਦੂਰ’ ਤੋਂ ਬਾਅਦ ਚੀਨ ਨੇ ਰਾਫੇਲ ਖ਼ਿਲਾਫ਼ ਚਲਾਇਆ ਦੁਸ਼ਪ੍ਰਚਾਰ ਮੁਹਿੰਮ

20 ਨਵੰਬਰ, 2025 ਅਜ ਦੀ ਆਵਾਜ਼

ਇੰਟਰਨੈਸ਼ਨਲ ਡੈਸਕ: ਅਮਰੀਕੀ ਕਾਂਗਰਸ ਦੀ ਇੱਕ ਸਾਲਾਨਾ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਮਈ 2025 ਵਿੱਚ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਚਾਰੇ ਦਿਨ ਚੱਲੇ ਓਪਰੇਸ਼ਨ ਸਿੰਦੂਰ ਦੌਰਾਨ ਚੀਨ ਨੇ ਰਾਫੇਲ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਦੁਸ਼ਪ੍ਰਚਾਰ ਮੁਹਿੰਮ ਚਲਾਈ।

ਰਿਪੋਰਟ ਦੱਸਦੀ ਹੈ ਕਿ ਚੀਨ ਨੇ ਆਪਣੇ J-35 ਲੜਾਕੂ ਜਹਾਜ਼ਾਂ ਦੀ ਵਿਕਰੀ ਵਧਾਉਣ ਲਈ ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਖਾਤੇ, ਏਆਈ ਨਾਲ ਬਣਾਈਆਂ ਤਸਵੀਰਾਂ ਅਤੇ ਵੀਡੀਓ ਗੇਮਾਂ ਦੇ ਵਿਜੁਅਲ ਵਰਤੇ, ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਫਰਾਂਸੀਸੀ ਰਾਫੇਲ ਜਹਾਜ਼ ਚੀਨੀ ਹਥਿਆਰਾਂ ਨਾਲ ਭਾਰੀ ਨੁਕਸਾਨ ਦਾ ਸ਼ਿਕਾਰ ਹੋਏ ਹਨ। ਇਸ ਦੁਸ਼ਪ੍ਰਚਾਰ ਦਾ ਅਸਰ ਇਹ ਹੋਇਆ ਕਿ ਇੰਡੋਨੇਸ਼ੀਆ ਨੇ ਰਾਫੇਲ ਦੀ ਖ਼ਰੀਦ ਅਸਥਾਈ ਤੌਰ ‘ਤੇ ਰੋਕ ਦਿੱਤੀ।

ਰਿਪੋਰਟ ਦੀਆਂ ਮੁੱਖ ਗੱਲਾਂ
  • ਚੀਨ ਨੇ ਸੰਘਰਸ਼ ਦੌਰਾਨ ਪਾਕਿਸਤਾਨ ਨੂੰ ਹਥਿਆਰ ਅਤੇ ਲਾਈਵ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ।

  • ਚੀਨ ਦੀਆਂ ਆਧੁਨਿਕ ਸੈਨਿਕ ਪ੍ਰਣਾਲੀਆਂ—HQ-9 ਏਅਰ ਡਿਫੈਂਸ, PL-15 ਮਿਸਾਈਲ, J-10 ਲੜਾਕੂ ਜਹਾਜ਼—ਪਹਿਲੀ ਵਾਰ ਅਸਲ ਯੁੱਧ ਵਿੱਚ ਵਰਤੀਆਂ ਗਈਆਂ।

  • ਜੂਨ 2025 ਵਿੱਚ ਚੀਨ ਨੇ ਪਾਕਿਸਤਾਨ ਨੂੰ 40 J-35 ਲੜਾਕੂ ਜਹਾਜ਼, KJ-500 ਜਹਾਜ਼ ਅਤੇ ਬੈਲਿਸਟਿਕ ਮਿਸਾਈਲ ਰੱਖਿਆ ਪ੍ਰਣਾਲੀ ਵੇਚਣ ਦੀ ਪੇਸ਼ਕਸ਼ ਕੀਤੀ।

  • ਸੰਘਰਸ਼ ਤੋਂ ਬਾਅਦ ਦੁਨੀਆ ਭਰ ਵਿੱਚ ਚੀਨ ਦੇ ਦੂਤਾਵਾਸਾਂ ਨੇ ਆਪਣੇ ਹਥਿਆਰਾਂ ਦੀ “ਸਫਲਤਾ” ਦਾ ਪ੍ਰਚਾਰ ਕੀਤਾ ਅਤੇ ਰਾਫੇਲ ਨੂੰ ਬਦਨਾਮ ਕਰਨ ਲਈ ਗਲਤ ਜਾਣਕਾਰੀ ਫੈਲਾਈ।

ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਭਵਿੱਖ ਵਿੱਚ ਦਲਾਈ ਲਾਮਾ ਦੇ ਉੱਤਰਾਧਿਕਾਰੀ ਨੂੰ ਲੈ ਕੇ ਚੀਨ ਅਤੇ ਵਿਰੋਧੀ ਸਮੂਹਾਂ ਵਿਚਕਾਰ ਵੱਡਾ ਟਕਰਾਅ ਹੋ ਸਕਦਾ ਹੈ, ਜਿਸ ਵਿੱਚ ਅਮਰੀਕਾ ਦੀ ਭੂਮਿਕਾ ਵੀ ਮਹੱਤਵਪੂਰਣ ਰਹੇਗੀ।