ਪੰਜਾਬ 20 Nov 2025 AJ DI Awaaj
Punjab Desk : ਪੰਜਾਬ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਅਤੇ 154 ਪੰਚਾਇਤ ਸਮਿਤੀਆਂ ਦੀਆਂ ਲੰਬੇ ਸਮੇਂ ਤੋਂ ਟਲਦੀਆਂ ਆ ਰਹੀਆਂ ਚੋਣਾਂ ਦਾ ਐਲਾਨ ਹੁਣ ਕਿਸੇ ਵੀ ਵੇਲੇ ਹੋ ਸਕਦਾ ਹੈ। ਸੂਬਾਈ ਚੋਣ ਕਮਿਸ਼ਨ ਨੇ ਚੋਣਾਂ ਲਈ ਸਮੂਹ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਸੰਭਾਵਨਾ ਹੈ ਕਿ ਦਸੰਬਰ ਦੇ ਦੂਜੇ ਹਫ਼ਤੇ ਇਹ ਵੋਟਿੰਗ ਕਰਵਾਈ ਜਾਵੇਗੀ। ਇਸ ਵਾਰ ਕਰੀਬ 1.35 ਕਰੋੜ ਵੋਟਰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ।
ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਹੈ ਕਿ ਚੋਣਾਂ ਦੇ ਐਲਾਨ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਚੋਣਾਂ 5 ਦਸੰਬਰ ਤੋਂ ਪਹਿਲਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਸੂਤਰਾਂ ਮੁਤਾਬਕ ਚੋਣਾਂ 14 ਦਸੰਬਰ ਨੂੰ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਉਸ ਦਿਨ ਐਤਵਾਰ ਦੀ ਛੁੱਟੀ ਵੀ ਹੈ। ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੇ ਨਵੇਂ ਜ਼ੋਨ ਬਣਾਕੇ ਉਹਨਾਂ ਦਾ ਰਾਖਵੇਂਕਰਨ ਵੀ ਕਰ ਦਿੱਤਾ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਇਨ੍ਹਾਂ ਜ਼ੋਨਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ।
ਹੁਣ ਜਦੋਂ ਕਿ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਮੁਕੰਮਲ ਹੋ ਚੁੱਕੇ ਹਨ, ਚੋਣ ਐਲਾਨ ਦੀ ਪ੍ਰਕਿਰਿਆ ਹੋਰ ਤੇਜ਼ ਹੋਣ ਦੀ ਉਮੀਦ ਹੈ।
ਯਾਦ ਰਹੇ ਕਿ ਸਰਕਾਰ ਨੇ ਪਹਿਲਾਂ ਹਾਈ ਕੋਰਟ ਵਿੱਚ 31 ਮਈ ਤੱਕ ਚੋਣਾਂ ਕਰਵਾਉਣ ਦਾ ਹਲਫ਼ੀਆ ਬਿਆਨ ਦਿੱਤਾ ਸੀ, ਪਰ ਬਲਾਕਾਂ ਦੇ ਪੁਨਰਗਠਨ ਕਾਰਨ ਅਤੇ ਬਾਅਦ ਵਿੱਚ ਆਏ ਹੜ੍ਹਾਂ ਦੇ ਚਲਤੇ ਮਿਆਦ ਵਧਾ ਕੇ 5 ਅਕਤੂਬਰ ਅਤੇ ਫਿਰ 5 ਦਸੰਬਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਹੁਣ ਸਾਰੇ ਇਸ਼ਾਰੇ ਦੱਸ ਰਹੇ ਹਨ ਕਿ ਚੋਣ ਐਲਾਨ 25 ਨਵੰਬਰ ਤੋਂ ਬਾਅਦ ਕਿਸੇ ਵੀ ਦਿਨ ਹੋ ਸਕਦਾ ਹੈ ਅਤੇ ਦਸੰਬਰ ਦੇ ਦੂਜੇ ਹਫ਼ਤੇ ਚੋਣਾਂ ਮੁਕਰਰ ਹਨ।














