ਤਲਵੰਡੀ ਸਾਬੋ 12 Nov 2025 AJ DI Awaaj
Punjab Desk : ਪਿੰਡ ਚੱਠੇਵਾਲਾ ਵਿੱਚ ਅੱਜ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਪੁਲਿਸ ਅਤੇ ਤਹਿਸੀਲਦਾਰ ਦੀ ਟੀਮ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਪਹੁੰਚੀ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਅਤੇ ਝੜਪ ਦੀ ਸਥਿਤੀ ਬਣ ਗਈ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਬਿਨਾਂ ਕਾਰਵਾਈ ਕੀਤੇ ਮੌਕੇ ਤੋਂ ਵਾਪਸ ਜਾਣਾ ਪਿਆ।
ਜਾਣਕਾਰੀ ਅਨੁਸਾਰ, ਰਾਮਾ ਮੰਡੀ ਦੇ ਆੜਤੀਆ ਵਿਨੋਦ ਕੁਮਾਰ ਅਤੇ ਪਿੰਡ ਚੱਠੇਵਾਲਾ ਦੇ ਕਿਸਾਨ ਗੁਰਮੇਲ ਸਿੰਘ ਵਿਚਕਾਰ ₹14.87 ਲੱਖ ਦੀ ਲੈਣ-ਦੇਣ ਸੀ। ਆੜਤੀਆ ਉਸ ਦੀ ਜ਼ਮੀਨ ਦੀ ਬੋਲੀ ਲਗਾਉਣ ਆਇਆ ਸੀ, ਪਰ ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਉੱਤੇ ਕੋਈ ਜ਼ਬਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਦਾਅਵਾ ਕੀਤਾ ਕਿ ਜਿਵੇਂ ਪਹਿਲਾਂ ਕੁਰਕੀ ਰੋਕੀ ਗਈ ਸੀ, ਅੱਜ ਵੀ ਕਿਸਾਨਾਂ ਨੇ ਆਪਣੀ ਜ਼ਮੀਨ ਬਚਾਈ।
ਕਿਸਾਨਾਂ ਦੇ ਰੋਹ ਕਾਰਨ ਪ੍ਰਸ਼ਾਸਨ ਨੂੰ ਬੋਲੀ ਦੀ ਪ੍ਰਕਿਰਿਆ ਰੱਦ ਕਰਨੀ ਪਈ ਅਤੇ ਸਾਰੀ ਟੀਮ ਨੂੰ ਵਾਪਸ ਜਾਣਾ ਪਿਆ।














