28 ਅਕਤੂਬਰ 2025 ਅਜ ਦੀ ਆਵਾਜ਼
Bollywood Desk: ਆਸਟ੍ਰੇਲੀਆ ਦੇ ਸਿਡਨੀ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪਹਿਲੇ ਸਟੇਡੀਅਮ ਕਾਂਸਰਟ ਦੌਰਾਨ ਕਿਰਪਾਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਸੰਗੀਤ ਸਮਾਰੋਹ ਵਿੱਚ ਲਗਭਗ 25 ਹਜ਼ਾਰ ਦਰਸ਼ਕ ਪਹੁੰਚੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਸੀ।
ਹਾਲਾਂਕਿ, ਸੁਰੱਖਿਆ ਨਿਯਮਾਂ ਦੇ ਤਹਿਤ ਕਿਰਪਾਨ ਧਾਰਨ ਕਰਨ ਵਾਲੇ ਸਿੱਖ ਦਰਸ਼ਕਾਂ ਨੂੰ ਸਟੇਡੀਅਮ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ, ਜਿਸ ਕਾਰਨ ਕਈ ਸ਼ਰਧਾਲੂਆਂ ਨੇ ਵਿਰੋਧ ਕੀਤਾ। ਵਿਰੋਧ ਕਰਨ ਵਾਲੇ ਕੁਝ ਦਰਸ਼ਕਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਬਾਹਰ ਕੱਢ ਦਿੱਤਾ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਹੋਈ।
ਸਿਡਨੀ ਦੇ ਨਿਵਾਸੀ ਪਰਮਵੀਰ ਸਿੰਘ ਬਿਮਵਾਲ ਅਤੇ ਉਨ੍ਹਾਂ ਦੀ ਪਤਨੀ ਸੋਨਾ ਬਿਮਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੋਅ ਦੇ ਟਿਕਟਾਂ 200 ਆਸਟ੍ਰੇਲੀਅਨ ਡਾਲਰ (ਲਗਭਗ ₹11,000) ਵਿੱਚ ਖਰੀਦੀਆਂ ਸਨ। ਪਰਮਵੀਰ ਸਿੰਘ, ਜੋ ਕਿ ਰੀੜ੍ਹ ਦੀ ਹੱਡੀ ਦੀ ਸੱਟ ਨਾਲ ਪੀੜਤ ਹਨ, ਫਿਰ ਵੀ ਦਿਲਜੀਤ ਦਾ ਪ੍ਰਦਰਸ਼ਨ ਦੇਖਣ ਪਹੁੰਚੇ ਸਨ। ਪਰ ਮੈਟਲ ਡਿਟੈਕਟਰ ਚੈਕ ਦੌਰਾਨ ਕਿਰਪਾਨ ਫੜੀ ਜਾਣ ’ਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਚਰਚਾ ਛਿੜ ਗਈ ਹੈ। ਕਈ ਉਪਭੋਗਤਾਵਾਂ ਨੇ ਇਸਨੂੰ ਧਾਰਮਿਕ ਭਾਵਨਾਵਾਂ ਨਾਲ ਖੇਡਣ ਵਾਲਾ ਫੈਸਲਾ ਕਰਾਰ ਦਿੱਤਾ, ਜਦਕਿ ਕੁਝ ਨੇ ਸੁਰੱਖਿਆ ਨਿਯਮਾਂ ਦੀ ਲੋੜ ਦੱਸਦੇ ਹੋਏ ਪ੍ਰਬੰਧਕਾਂ ਦਾ ਸਮਰਥਨ ਕੀਤਾ। ਫਿਲਹਾਲ ਦਿਲਜੀਤ ਦੋਸਾਂਝ ਜਾਂ ਸਮਾਰੋਹ ਪ੍ਰਬੰਧਕਾਂ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ।














