ਝੋਨੇ ਦੀ ਪਰਾਲੀ ਪ੍ਰਬੰਧਨ ਦਾ ਲਿਆ ਜਾਇਜ਼ਾ

20

ਮਾਨਸਾ, 27 ਅਕਤੂਬਰ 2025 AJ DI Awaaj

Punjab Desk : ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ ਨੇ ਮਾਨਸਾ ਜਿ਼ਲ੍ਹੇ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਚੱਲ ਰਹੀ ਵਿਸ਼ੇਸ਼ ਮੁਹਿੰਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਫ਼ਸਰ, ਕਲੱਸਟਰ ਇੰਚਾਰਜ ਅਤੇ ਨੋਡਲ ਅਫ਼ਸਰਾਂ ਆਪਣੇ ਆਪਣੇ ਡਿਊਟੀ ਸਥਾਨ ‘ਤੇ ਰਹਿ ਕੇ ਕਿਸਾਨਾਂ ਦੀ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਵਿੱਚ ਮਦਦ ਕਰਨ ਦੀ ਹਦਾਇਤ ਕੀਤੀ ਗਈ ਹੈ।
ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਤਹਿਤ ਮੁੱਖ ਖੇਤੀਬਾੜੀ ਅਫ਼ਸਰ, ਹਰਵਿੰਦਰ ਸਿੰਘ ਨੇ ਮਾਨਸਾ ਬਲਾਕ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪਿੰਡ ਖਿਆਲਾਂ ਕਲਾਂ, ਝੁਨੀਰ, ਸਾਹਨੇਵਾਲੀ, ਨੰਗਲ ਕਲਾਂ ਪਿੰਡਾ ਦਾ ਜਾਇਜ਼ਾ ਲਿਆ।
ਉਨ੍ਹਾਂ ਪਿੰਡ ਖਿਆਲਾ  ਕਲਾਂ ਦੇ ਕਿਸਾਨ ਬਿੱਕਰ ਸਿੰਘ ਦੀ 08 ਏਕੜ ਵਿੱਚ ਝੋਨੇ ਦੀ ਵਾਢੀ ਐਸ.ਐਮ.ਐਸ ਵਾਲੀ ਕੰਬਾਇਨ ਨਾਲ ਕਰਵਾਕੇ ਹੈਪੀ ਸੀਡਰ ਮਸ਼ੀਨ ਨਾਲ ਖੜ੍ਹੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕਰਵਾਈ।
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਮੌਕੇ ‘ਤੇ ਮੋਜੂਦ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਅਤੇ ਫਸਲ ਦਾ ਝਾੜ ਵੀ ਆਮ ਫਸਲ ਨਾਲੋਂ ਵੱਧ ਆਉਂਦਾ ਹੈ, ਇਸ ਦੇ ਨਾਲ ਹੀ ਖਾਦਾਂ ਦਾ ਬੇਲੋੜਾ ਖਰਚਾ ਵੀ ਘੱਟਦਾ ਹੈ।
ਉਨ੍ਹਾਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਸਬਸਿਡੀ *ਤੇ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੀ ਮਦਦ ਲਈ ਇੰਨ੍ਹਾਂ ਮਸ਼ੀਨਾ ਦੇ ਪ੍ਰਯੋਗ ਅਤੇ ਉਪਲੱਬਧਤਾ ਬਾਰੇ ਜਾਣਕਾਰੀ ਦੇ ਰਹੇ ਹਨ।
ਇੰਨ੍ਹਾਂ ਵੱਖ ਵੱਖ ਪਿੰਡਾ ਦੇ ਦੌਰੇ ਮੌਕੇ ਗੁਰਦੀਪ ਕੌਰ, ਅਮ੍ਰਿਤਪਾਲ  ਸਿੰਘ, ਨਵਕਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸੁਖਵਿੰਦਰ ਸਿੰਘ, ਗੁਰਬਖਸ਼ ਸਿੰਘ, ਸੰਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ, ਕੰਵਲਪ੍ਰੀਤ ਸਿੰਘ ਏ.ਟੀ.ਐਮ, ਗੁਰਦੀਪ ਸਿੰਘ ਬੇਲਦਾਰ ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਕਿਸਾਨ ਮੋਜੂਦ ਸਨ।