ਚੰਡੀਗੜ੍ਹ: 25 Oct 2025 AJ DI Awaaj
Chandigarh Desk : ਕੇਂਦਰ ਸਰਕਾਰ ਨੇ ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਪ੍ਰੋਜੈਕਟ ਲਈ ਪੰਜਾਬ ਸਰਕਾਰ ਤੋਂ ਜ਼ਮੀਨ ਐਕਵਾਇਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਰੇਲ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ।
ਇਸ ਪ੍ਰੋਜੈਕਟ ਹੇਠ ਕੁੱਲ 53.84 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਜੋ ਪੰਜਾਬ ਦੇ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿਚੋਂ ਲੰਘੇਗੀ। ਰਾਜਪੁਰਾ ਤੋਂ ਮੋਹਾਲੀ ਤੱਕ ਦੀ ਇਹ 18.11 ਕਿਲੋਮੀਟਰ ਲੰਬੀ ਰੇਲ ਲਾਈਨ ਕੇਂਦਰ ਵੱਲੋਂ ‘ਸਪੈਸ਼ਲ ਰੇਲਵੇ ਪ੍ਰੋਜੈਕਟ’ ਘੋਸ਼ਿਤ ਕੀਤੀ ਗਈ ਹੈ।
ਰੇਲ ਮੰਤਰਾਲੇ ਨੇ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਅਤੇ ਹੁਣ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਜ਼ਮੀਨ ਐਕਵਾਇਰ ਕਰਕੇ ਕੇਂਦਰ ਨੂੰ ਸੌਂਪੇਗੀ।
ਇਸ ਪ੍ਰੋਜੈਕਟ ‘ਤੇ ਲਗਭਗ ₹443 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ। ਨਵੀਂ ਲਾਈਨ ਬਣਨ ਨਾਲ ਚੰਡੀਗੜ੍ਹ, ਮੋਹਾਲੀ ਅਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ। ਇਹ ਲਾਈਨ ਫਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਨੂੰ ਜੋੜੇਗੀ।
ਹੁਣ ਤੱਕ ਚੰਡੀਗੜ੍ਹ ਤੋਂ ਟ੍ਰੇਨ ਸਿੱਧੀ ਅੰਬਾਲਾ ਰਾਹੀਂ ਹੀ ਜਾਂਦੀ ਸੀ, ਪਰ ਨਵੀਂ ਲਾਈਨ ਬਣਨ ਨਾਲ ਰਾਜਪੁਰਾ ਰਾਹੀਂ ਸਿੱਧੀ ਕਨੈਕਟਿਵਿਟੀ ਮਿਲੇਗੀ। ਇਸ ਨਾਲ ਸਰਹਿੰਦ, ਲੁਧਿਆਣਾ ਅਤੇ ਜਲੰਧਰ ਤੱਕ ਯਾਤਰਾ ਆਸਾਨ ਅਤੇ ਤੇਜ਼ ਹੋ ਜਾਵੇਗੀ।
ਰੇਲ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਜ਼ਮੀਨ ਐਕਵਾਇਰਮੈਂਟ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਿਰਮਾਣ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।














