ਗੁੱਜਰਾਂਵਾਲਾ: ਮਹਾਂ ਸਿੰਘ ਦੀ ਸਮਾਧ ਦੀ ਮੁਰੰਮਤ ਲਈ ਗਲੋਬਲ ਸਿੱਖ ਕੌਂਸਲ ਦੀ ਮੰਗ

64

ਚੰਡੀਗੜ੍ਹ, 24 ਸਤੰਬਰ 2025:Aj Di Awaaj


Chandigarh Desk : ਗਲੋਬਲ ਸਿੱਖ ਕੌਂਸਲ (GSC) ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁੱਜਰਾਂਵਾਲਾ ਸਥਿਤ ਮਹਾਂ ਸਿੰਘ ਦੀ ਇਤਿਹਾਸਕ ਸਮਾਧ, ਜੋ ਕਿ ਹਾਲੀਆ ਹੜ੍ਹਾਂ ਕਾਰਨ ਨੁਕਸਾਨਗ੍ਰਸਤ ਹੋ ਗਈ ਹੈ, ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।

ਇਹ ਸਮਾਧ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਮਹਾਂ ਸਿੰਘ ਦੀ ਯਾਦ ਵਿੱਚ ਸਾਲ 1837 ਵਿੱਚ ਸ਼ੇਰਾਂਵਾਲਾ ਬਾਗ ਵਿੱਚ ਬਣਵਾਈ ਸੀ। ਹੜ੍ਹ ਕਾਰਨ ਇਸ ਸਮਾਰਕ ਦਾ ਅੱਠਭੁਜੀ ਅਧਾਰ ਢਹਿ ਗਿਆ ਹੈ ਅਤੇ ਮੁੱਖ ਢਾਂਚਾ ਵੀ ਨਾਜ਼ੁਕ ਹੋ ਗਿਆ ਹੈ, ਜੋ ਨੇੜਲੇ ਸਕੂਲ ਅਤੇ ਰਹਾਇਸ਼ੀ ਇਲਾਕੇ ਲਈ ਖ਼ਤਰਾ ਬਣ ਸਕਦਾ ਹੈ।

GSC ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਸਮਾਰਕ ਦੀ ਮੁਰੰਮਤ, ਸੁਰੱਖਿਆ ਅਤੇ ਸੰਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

ਉਹਨਾਂ ਕਿਹਾ ਕਿ ਇਹ ਸਮਾਧ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੀ ਅਟੂਟ ਨਿਸ਼ਾਨੀ ਹੈ, ਜਿਸਦੀ ਬਚਾਵੀ ਅਤੇ ਸੰਭਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਹਮ ਹੈ।

ਗਲੋਬਲ ਸਿੱਖ ਕੌਂਸਲ ਨੇ ਇਹ ਵੀ ਉਜਾਗਰ ਕੀਤਾ ਕਿ ਭਾਵੇਂ ETPB ਨੇ ਕੁਝ ਪ੍ਰਮੁੱਖ ਧਾਰਮਿਕ ਸਥਾਨਾਂ ਦੀ ਸੰਭਾਲ ਲਈ ਯਤਨ ਕੀਤੇ ਹਨ, ਪਰ ਕਈ ਹੋਰ ਅਣਗੌਲੇ ਇਤਿਹਾਸਕ ਥਾਂਵਾਂ, ਜਿਵੇਂ ਕਿ ਇਹ ਸਮਾਧ, ਅਣਦੇਖੀ ਦਾ ਸ਼ਿਕਾਰ ਬਣੇ ਹੋਏ ਹਨ। ਇਹ ਸਮਾਰਕ ਹੁਣ ਨਾਜ਼ੁਕ ਹਾਲਤ ਵਿੱਚ ਹੈ ਅਤੇ ਤੁਰੰਤ ਧਿਆਨ ਦੀ ਲੋੜ ਹੈ।

ਕੌਂਸਲ ਨੇ ETPB ਦੇ ਚੇਅਰਮੈਨ ਵੱਲੋਂ ਦਿੱਤੇ ਗਏ ਮੁਰੰਮਤ ਕਰਵਾਉਣ ਦੇ ਭਰੋਸੇ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਹੈ ਕਿ ਮੁਰੰਮਤ ਤੇ ਮੁੜ-ਬਹਾਲੀ ਦੇ ਕੰਮ ਜਲਦ ਸ਼ੁਰੂ ਕੀਤੇ ਜਾਣਗੇ।

ਸੱਭਿਆਚਾਰਕ ਵਿਰਾਸਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਂਦੇ ਹੋਏ, ਗਲੋਬਲ ਸਿੱਖ ਕੌਂਸਲ ਨੇ ਪਾਕਿਸਤਾਨ ਸਰਕਾਰ, ਪੰਜਾਬ ਸਰਕਾਰ ਅਤੇ ਸਥਾਨਕ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਮੁਹਿੰਮ ਲਈ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ।