ਜਿ਼ਲ੍ਹੇ ਵਿੱਚ ਨਹੀਂ ਪਾਇਆ ਗਿਆ ਚੀਨੀ ਵਾਇਰਸ

32

ਮਾਨਸਾ, 19 ਸਤੰਬਰ 2025 AJ DI Awaaj

Punjab Desk : ਡਾ. ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਝੋਨੇ ਦੀ ਫ਼ਸਲ ‘ਤੇ ਕੀੜੇ—ਮਕੌੜਿਆਂ ਦਾ ਨਿਰੀਖਣ ਕਰਨ ਲਈ ਵੱਖ—ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ, ਕੁਸਲਾ, ਫੱਤਾ ਮਾਲੋਕਾ, ਧਿੰਗੜ, ਝੰਡਾ ਖੁਰਦ, ਕਾਸਿਮਪੁਰ ਛੀਨਾ, ਭੀਖੀ, ਸੰਘਾ, ਬਰਨਾਲਾ, ਕਾਹਨਗੜ੍ਹ, ਬਖਸ਼ੀਵਾਲਾ, ਦਾਤੇਵਾਸ, ਦਲੀਏਵਾਲੀ, ਬੀਰੇਵਾਲਾ ਵਿਖੇ ਝੋਨੇ ਦਾ ਸਰਵੇਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਸਰਵੇਖਣ ਲਈ 01 ਜਿ਼ਲ੍ਹਾ ਪੱਧਰੀ ਅਤੇ 05 ਬਲਾਕ ਪੱਧਰੀ ਟੀਮਾਂ ਹਨ। ਇਨ੍ਹਾਂ ਟੀਮਾਂ ਦੀਆਂ ਰਿਪੋਰਟਾਂ ਮੁਤਾਬਿਕ ਜਿ਼ਲ੍ਹੇ ਵਿੱਚ ਕਿਤੇ ਵੀ ਚੀਨੀ ਵਾਇਰਸ ਨਹੀਂ ਦੇਖਿਆ ਗਿਆ ਅਤੇ ਜਿੱਥੇ ਝੋਨੇ ਦੀ ਫ਼ਸਲ ਨਿੱਸਰ ਗਈ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਜਿਹੜ੍ਹਾ ਝੋਨਾ ਹਾਲੇ ਨਿੱਸਰਿਆ ਨਹੀਂ, ਉਸ ਉੱਪਰ ਉੱਲੀ ਨਾਸ਼ਕ ਦੀ ਇੱਕ ਸਪਰੇਅ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਟੀਮਾਂ ਦੇ ਸਰਵੇਖਣ ਅਨੁਸਾਰ ਜੇਕਰ ਖੇਤ ਵਿਚ ਇੰਨ੍ਹਾਂ ਕੀੜਿਆਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹਨ, ਇੰਨ੍ਹਾਂ ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ, ਜੁਲਾਈ ਤੋਂ ਅਕਤੂਬਰ ਤੱਕ ਚੂਸਦੇ ਹਨ, ਜਿਸ ਨਾਲ ਫ਼ਸਲ ਧੌੜੀਆਂ ਵਿੱਚ ਸੁੱਕ ਜਾਂਦੀ ਹੈ। ਇਸ ਨੂੰ ਟਿੱਡੇ ਦਾ ਸਾੜ ਵੀ ਕਹਿੰਦੇ ਹਨ। ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਫਿਰ ਨੇੜੇ ਦੇ ਨਰੋਏ ਬੂਟਿਆਂ ‘ਤੇ ਚਲੇ ਜਾਂਦੇ ਹਨ। ਕੁੱਝ ਹੀ ਦਿਨਾਂ ਵਿੱਚ ਹਮਲੇ ਵਾਲੇ ਥਾਵਾਂ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਚਾਅ ਲਈ 94 ਮਿਲੀਲਿਟਰ ਪੈਕਸਾਲੋਨ 10 ਐੱਸ.ਸੀ., 60 ਗ੍ਰਾਮ ਉਲਾਲਾ 50 ਡਬਲਯੂ ਜੀ, 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐੱਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ, 800 ਮਿਲੀਲੀਟਰ ਏਕਾਲਕਸ ਜਾਂ 80 ਮਿਲੀਲੀਟਰ ਨਿੰਮ ਅਧਾਰਿਤ ਇਕੋਟਿਨ ਜਾਂ 4 ਲਿਟਰ ਪੀਏਯੂ ਨਿੰਮ ਦੇ ਘੋਲ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤੇ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖੇਤ ਵਿੱਚ ਪੱਤਾ ਲਪੇਟ ਸੁੰਡੀ ਦੇਖੀ ਜਾਂਦੀ ਹੈ ਤਾਂ ਉਸਦਾ ਈ.ਟੀ.ਐੱਲ ਲੇਵਲ, ਜਿੱਥੇ ਪੱਤਿਆਂ ਦਾ ਨੁਕਸਾਨ 10 ਫੀਸਦੀ ਹੋਵੇ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫ਼ਾਰਿਸਾਂ ਮੁਤਾਬਿਕ ਸਪਰੇਅ ਕਰੋ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਝੋਨੇ ਦੀ ਕਟਾਈ ਝੋਨੇ ਦੇ ਪੂਰਾ ਪੱਕਣ ‘ਤੇ ਹੀ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਨਾ ਹੋਵੇ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਮੰਡੀਆਂ ਵਿੱਚ ਝੋਨਾ 17 ਫ਼ੀਸਦੀ ਨਮੀ ਵਾਲਾ ਹੀ ਲਿਆਂਦਾ ਜਾਵੇ ਅਤੇ ਕੰਬਾਇਨ ਮਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਕੰਬਾਇਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਚਲਾਉਣ, ਤਾਂ ਜੋ ਗਿੱਲਾ ਝੋਨਾ ਨਾ ਵੱਢਿਆ ਜਾ ਸਕੇ।

ਫੋਟੋ ਕੈਪਸ਼ਨ: ਡਾ. ਹਰਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਭੀਖੀ ਆਪਣੀ ਟੀਮ ਨਾਲ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਝੋਨੇ ਦਾ ਸਰਵੇਖਣ ਕਰਦੇ ਹੋਏ।