ਮਾਲੇਰਕੋਟਲਾ 08 ਸਤੰਬਰ 2025 AJ Di Awaaj
Punjab Desk : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਐਂਡ ਲਿਵਲੀਹੁੱਡ ਫ਼ਾਰ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਦੇ ਲਾਭਪਾਤਰੀਆਂ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਸਿੱਖਿਆਰਥੀਆਂ ਲਈ 2 ਹਫ਼ਤੇ ਦਾ ਮੁਫ਼ਤ ਸਿਖਲਾਈ ਕੋਰਸ ਦਾ ਪਹਿਲਾ ਬੈਚ 15 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਾਊਂਸਲਿੰਗ 10 ਸਤੰਬਰ ਨੂੰ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।
ਡੇਅਰੀ ਸਿਖਲਾਈ ਸਬੰਧੀ ਚਾਹਵਾਨ ਉਮੀਦਵਾਰ ਆਪਣਾ ਫਾਰਮ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵਿਖੇ ਡੇਅਰੀ ਵਿਕਾਸ ਇੰਸਪੈਕਟਰ ਹਰਮੇਸ਼ ਸਿੰਘ ਗਿੱਲ (9878860929) ਜਾਂ ਦਫ਼ਤਰ ਡਿਪਟੀ ਡਾਇਰੈਕਟ ਡੇਅਰੀ ਵਿਕਾਸ ਮਲੇਰਕੋਟਲਾ ਵਿਖੇ ਜਮਾਂ ਕਰਵਾ ਸਕਦੇ ਹਨ ।
ਇਹ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਇੰਸਪੈਕਟਰ ਹਰਮੇਸ਼ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਭਾਗ ਲੈਣ ਵਾਲੇ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੀ ਟਰੇਨਿੰਗ ਦੇਣ ਤੋਂ ਇਲਾਵਾ ਸਿਖਲਾਈ ਦੌਰਾਨ 350 ਰੁਪਏ ਪ੍ਰਤੀ ਦਿਨ (ਕੁਲ 3500 ਰੁਪਏ ) ਦੀ ਰਾਸ਼ੀ ਬਤੌਰ ਵਜ਼ੀਫ਼ੇ ਵਜੋਂ ਦਿੱਤੀ ਜਾਵੇਗੀ । ਉਨ੍ਹਾਂ ਹੋਰ ਦੱਸਿਆ ਕਿ ਇਸ ਸਿਖਲਾਈ ਕੈਂਪ ਦੌਰਾਨ ਉਮੀਦਵਾਰਾਂ ਨੂੰ ਦੁਧਾਰੂ ਪਸ਼ੂਆਂ ਦੀ ਖ਼ਰੀਦ ਅਤੇ ਸਾਂਭ ਸੰਭਾਲ, ਨਸਲ ਸੁਧਾਰ, ਦੁੱਧ ਤੋਂ ਉਤਪਾਦ ਬਣਾਉਣ,ਪਸ਼ੂਆਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ, ਪਸ਼ੂਆਂ ਲਈ ਖ਼ੁਰਾਕ ਘਰ ਵਿੱਚ ਹੀ ਤਿਆਰ ਕਰਨ ਅਤੇ ਸਾਲ ਭਰ ਹਰਾ ਚਾਰਾ ਉਗਾਉਣ ਆਦਿ ਬਾਰੇ ਸਿਖਲਾਈ ਦਿੱਤੀ ਜਾਵੇਗੀ ।
ਉਨ੍ਹਾਂ ਹੋਰ ਦੱਸਿਆ ਕਿ ਟਰੇਨਿੰਗ ਉਪਰੰਤ ਸਿੱਖਿਆਰਥੀਆਂ ਨੂੰ ਆਪਣਾ ਡੇਅਰੀ ਫਾਰਮਿੰਗ ਕਿੱਤਾ ਸ਼ੁਰੂ ਕਰਨ ਲਈ 33 ਫ਼ੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਦੋ ਜਾਂ ਦੋ ਤੋਂ ਵੱਧ ਦੁਧਾਰੂ ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਿਤ ਕਰਨ ਚਾਹਵਾਨ ਸਿੱਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀ ਕੀਮਤ (ਕੀਮਤ 90000/- ਪ੍ਰਤੀ ਪਸ਼ੂ) ਸਬੰਧੀ ਕਰਜ਼ਾ ਕੇਸ ਬੈਂਕ ਨੂੰ ਸਪਾਂਸਰ ਕੀਤਾ ਜਾਂਦਾ ਹੈ, ਜਿਸ ਤੇ 33 ਪ੍ਰਤੀਸ਼ਤ ਭਾਵ 29700 ਰੁਪਏ ਪ੍ਰਤੀ ਪਸ਼ੂ ਦੀ ਮਾਲੀ ਸਹਾਇਤਾ ਬਤੌਰ ਸਬਸਿਡੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਤਾਂ ਜੋ ਨੌਜਵਾਨ /ਸਿੱਖਿਆਰਥੀ ਆਪਣਾ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਕੇ ਆਤਮ ਨਿਰਭਰ ਹੋ ਸਕਣ ।
ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ ਸਿੱਖਿਆਰਥੀਆਂ ਨੂੰ ਡੇਅਰੀ ਸਿਖਲਾਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਪਟਿਆਲਾ ਗੇਟ, ਸੰਗਰੂਰ ਅਤੇ ਬੀਜਾ ਜ਼ਿਲ੍ਹਾ ਲੁਧਿਆਣਾ ਵਿਖੇ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਚ ਭਾਗ ਲੈਣ ਵਾਲਾ ਸਿੱਖਿਆਰਥੀ ਐਸ.ਸੀ ਜਾਤੀ ਨਾਲ ਸਬੰਧਿਤ ਹੋਣਾ ਚਾਹੀਦਾ ਹੈ ਅਤੇ ਉਹ ਪੇਂਡੂ ਖੇਤਰ ਦਾ ਵਸਨੀਕ ਹੋਵੇ । ਉਨ੍ਹਾਂ ਦੱਸਿਆ ਕਿ ਸਿੱਖਿਆਰਥੀ ਵੱਲੋਂ ਘੱਟੋ-ਘੱਟ ਪੰਜਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਉਸ ਦੀ ਉਮਰ 18 ਸਾਲ ਤੋਂ ਵੱਧ ਹੋਵੇ ਅਤੇ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਚਾਹਵਾਨ ਸਿੱਖਿਆਰਥੀ ਆਪਣੇ ਦਸਤਾਵੇਜ਼ ਜਿਵੇਂ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਦਫ਼ਤਰ ਚ ਆਉਣ। ਉਨ੍ਹਾਂ ਸਮੂਹ ਚਾਹਵਾਨ ਐਸ ਸੀ ਸਿੱਖਿਆਰਥੀ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਇਸ ਸਿਖਲਾਈ ਪ੍ਰੋਗਰਾਮ ਵਿਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ ।














