ਸਾਰੀ ਰਾਤ ਜਾਰੀ ਰਹੇ ਰਾਹਤ ਤੇ ਬਚਾਅ ਕਾਰਜ

61

ਨੰਗਲ 02 ਸਤੰਬਰ 2025 AJ Di Awaaj

Himachal Desk : ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਲਗਾਤਾਰ ਭਾਰੀ ਬਰਸਾਤ ਅਤੇ ਭਾਖੜਾ ਡੈਮ ਦਾ ਨਿਰੰਤਰ ਵੱਧ ਰਿਹਾ ਪਾਣੀ ਦਾ ਪੱਧਰ ਅਤੇ ਮੈਦਾਨੀ ਇਲਾਕਿਆਂ ਵਿੱਚ ਹੋ ਰਹੀ ਬਰਸਾਤ ਕਾਰਨ ਦਰਿਆਵਾ, ਨਹਿਰਾਂ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਦਾ ਹੋਸਲਾ ਵਧਾਉਣ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਤੇ ਅਫਵਾਹਾ ਤੋ ਬਚਣ ਦੀ ਸਲਾਹ ਦੇਣ ਦੇ ਮੰਤਵ ਨਾਲ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ, ਵਰਜੀਤ ਵਾਲੀਆ ਡਿਪਟੀ ਕਮਿਸ਼ਨਰ, ਗੁਲਨੀਤ ਖੁਰਾਨਾ ਐਸ.ਐਸ.ਪੀ ਦੀ ਅਗਵਾਈ ਵਿੱਚ ਸਾਰੀ ਰਾਤ ਰਾਹਤ ਤੇ ਬਚਾਅ ਕਾਰਜ ਜਾਰੀ ਰਹੇ ਅਤੇ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਸਬੰਧੀ ਜਾਣੂ ਕਰਵਾਇਆ ਗਿਆ।

     ਵੱਖ ਵੱਖ ਟੀਮਾਂ ਦਾ ਗਠਨ ਕਰਕੇ ਸਮੁੱਚੇ ਇਲਾਕੇ ਵਿੱਚ ਲਗਾਤਾਰ ਦੌਰੇ ਕਰ ਰਹੇ ਅਧਿਕਾਰੀਆਂ ਨੇ ਆਪਣੀਆਂ ਟੀਮਾਂ ਨਾਲ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਈ। ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਵਰਕਰਾਂ, ਯੂਥ ਕਲੱਬਾਂ, ਮਹਿਲਾ ਮੰਡਲਾਂ, ਸਮਾਜ ਸੇਵੀ ਸੰਗਠਨਾਂ ਅਤੇ ਵਿਸੇਸ਼ ਤੌਰ ਤੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਵਿਚ ਕੰਮ ਕਰ ਰਹੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀ ਸਾਰਿਆ ਨੇ ਮਿਲ ਕੇ ਵੱਧ ਮਾਤਰਾ ਵਿਚ ਪਾਣੀ ਆਉਣ ਕਾਰਨ ਹੋਏ ਡੰਗਿਆਂ ਦੇ ਨੁਕਸਾਨ, ਨਹਿਰਾਂ ਦੇ ਦਰਿਆਵਾ ਦੇ ਕੰਢਿਆਂ ਵਿਚ ਆਏ ਰਸਾਵ ਨੂੰ ਬੰਦ ਕਰਕੇ ਸੈਂਕੜੇ ਏਕੜ ਫਸਲ ਅਤੇ ਆਮ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਸਾਰੀ ਰਾਤ ਇਨ੍ਹਾਂ ਟੀਮਾਂ ਨੇ ਕੰਮ ਕਰਕੇ ਇਲਾਕੇ ਦੇ ਲੋਕਾਂ ਦਾ ਹੋਸਲਾ ਵਧਾਇਆ ਹੈ, ਮੁਲਾਜ਼ਮ ਹੋਣ ਜਾਂ ਪ੍ਰਸਾਸ਼ਨ ਅਧਿਕਾਰੀ ਭਾਵੇ ਸਾਡੇ ਵਲੰਟੀਅਰ ਹਰ ਕਿਸੇ ਨੇ ਪੂਰੀ ਸ਼ਿੱਦਤ ਨਾਲ ਮਿਹਨਤ ਕਰਕੇ ਹੁਣ ਤੱਕ ਇਲਾਕਾ ਸੁਰੱਖਿਅਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਦਿਨ ਬਹੁਤ ਗੰਭੀਰ ਹਨ, ਜਦੋਂ ਭਾਖੜਾ ਡੈਮ ਵਿਚ ਵੀ ਪਾਣੀ ਦਾ ਪੱਧਰ ਰਿਹਾ ਹੈ ਅਤੇ ਬਰਸਾਤ ਵੀ ਲਗਾਤਾਰ ਪੈ ਰਹੀ ਹੈ, ਦਾਤਾ ਜੀ ਤੋ ਮਿਹਰ ਕਰਨ ਦੀ ਲਗਾਤਾਰ ਅਰਦਾਸ ਕਰ ਰਹੇ ਹਾਂ, ਪ੍ਰਮਾਤਮਾ ਕ੍ਰਿਪਾ ਕਰਨਗੇ ਸੰਕਟ ਦੀ ਘੜੀ ਟਲ ਜਾਵੇਗੀ। ਅਸੀ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਿੱਚ ਸਫਲ ਹੋ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਸਭ ਨੂੰ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ, ਮੇਰਾ ਆਪਣਾ ਹੈਲਪ ਲਾਈਨ ਨੰਬਰ 87279-62441 ਹਰ ਸਮੇਂ ਕਾਰਜਸ਼ੀਲ ਹੈ। ਅਸੀ ਲੋਕਾਂ ਨਾਲ ਵਾਅਦਾ ਕੀਤਾ ਹੈ ਜਿਸ ਨੂੰ ਨਿਭਾ ਰਹੇ ਹਾਂ, ਉਨ੍ਹਾਂ ਨੇ ਕਿਹਾ ਕਿ ਇਹ ਅਜਿਹੀ ਘੜੀ ਹੈ ਜਦੋ ਰਾਜਨੀਤੀ ਕਰਨ ਦੀ ਥਾਂ ਅੱਗੇ ਵੱਧ ਕੇ ਹਰ ਇੱਕ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸਾਰੇ ਐਸ.ਡੀ.ਐਮ ਤੇ ਉਨ੍ਹਾਂ ਦਾ ਸਟਾਫ ਅਤੇ ਐਸ.ਐਸ.ਪੀ ਦੀ ਅਗਵਾਈ ਵਿੱਚ ਸਾਰੇ ਡੀ.ਐਸ.ਪੀ ਅਤੇ ਸਮੁੱਚਾ ਪੁਲਿਸ ਪ੍ਰਸਾਸ਼ਨ ਵੀ ਰਾਹਤ ਕਾਰਜਾਂ ਵਿੱਚ ਲੱਗਿਆ ਹੋਇਆ ਹੈ, ਮੇਰੀਆਂ ਆਪਣੀਆਂ ਟੀਮਾਂ ਵੀ ਜ਼ਮੀਨ ਤੇ ਉੰਤਰੀਆਂ ਹੋਈਆਂ ਹਨ ਅਤੇ ਉਹ ਦਿਨ ਰਾਤ ਮਿਹਨਤ ਕਰ ਰਹੀਆਂ ਹਨ, ਜਿਕਰਯੋਗ ਹੈ ਕਿ ਹਰਜੋਤ ਬੈਂਸ ਕੈਬਨਿਟ ਮੰਤਰੀ ਦੇ ਨਿਰਦੇਸ਼ਾ ਤੋ ਬਾਅਦ ਉਨ੍ਹਾਂ ਦੇ ਸੈਂਕੜੇ ਵਲੰਟੀਅਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਮੀਨੀ ਪੱਧਰ ਤੇ ਰਾਹਤ ਕਾਰਜਾ ਵਿਚ ਲੱਗੇ ਹੋਏ ਹਨ। ਜਿਨ੍ਹਾਂ ਦੀ ਕਮਾਂਡ ਆਮ ਆਦਮੀ ਪਾਰਟੀ ਦੇ ਆਗੂ ਸੰਭਾਲ ਰਹੇ ਹਨ। ਵਿਸੇਸ਼ ਤੌਰ ਤੇ ਨੰਗਲ ਦੇ ਬੇਲਿਆਂ ਵਿਚ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਭਨੂਪਲੀ ਜੋਨ ਵਿਚ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਕੀਰਤਪੁਰ ਸਾਹਿਬ ਵਿਚ ਕਮਿੱਕਰ ਸਿੰਘ ਡਾਢੀ, ਭਰਤਗੜ੍ਹ ਜੋਨ ਵਿਚ ਜੁਝਾਰ ਸਿੰਘ ਆਸਪੁਰ, ਬਿਭੋਰ ਸਾਹਿਬ ਵੱਲ ਚੰਨਣ ਸਿੰਘ ਪੱਮੂ ਢਿੱਲੋ, ਭੰਗਲਾਂ ਜੋਨ ਵਿੱਚ ਜਸਵਿੰਦਰ ਭੰਗਲਾ, ਸ੍ਰੀ ਦਲੀਪ ਹੰਸ ਵਿਚ ਮੋਜੂਦ ਹਨ ਜ਼ਿਨ੍ਹਾਂ ਦੇ ਮੋਬਾਇਲ ਨੰਬਰ ਸੋਸ਼ਲ ਮੀਡੀਆ ਤੇ ਜਨਤਕ ਕੀਤੇ ਹੋਏ ਹਨ, ਜ਼ਿਨ੍ਹਾਂ ਨਾਲ ਇਲਾਕੇ ਦੇ ਲੋੜਵੰਦ ਲੋਕ ਲਗਾਤਾਰ ਸੰਪਰਕ ਕਰ ਰਹੇ ਹਨ। ਇਲਾਕੇ ਦੇ ਪੰਚ, ਸਰਪੰਚ ਵੀ ਇਸ ਮੌਕੇ ਪੱਬਾ ਭਾਰ ਹੋਏ ਹਨ ਅਤੇ ਇਸ ਕੁਦਰਤੀ ਆਫਦਾਂ ਦੀ ਘੜ੍ਹੀ ਵਿਚ ਮਜਬੂਤ ਭਾੲਚਾਰਕ ਸਾਝ ਦੀ ਮਿਸਾਲ ਪੇਸ਼ ਕਰ ਰਹੇ ਹਨ। ਅਗਲੇ ਦੋ ਤਿੰਨ ਦਿਨ ਵਿੱਚ ਸਥਿਤੀ ਦੇ ਅਨੁਕੂਲ ਹੋ ਜਾਣ ਦੀ ਸੰਭਾਵਨਾ ਹੈ ਸਭ ਦਾ ਸਹਿਯੋਗ ਜਰੂਰੀ ਹੈ। ਅਫਵਾਹਾਂ ਤੇ ਭਰੋਸਾ ਨਾ ਕੀਤਾ ਜਾਵੇ।