ਹੰਡਿਆਇਆ/ਬਰਨਾਲਾ, 12 ਅਗਸਤ 2025 AJ Di Awaaj
Punjab Desk : ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਕਿਸੇ ਇਕ ਵਿਅਕਤੀ ਜਾਂ ਅਦਾਰੇ ਵਲੋਂ ਨਹੀਂ ਬਲਕਿ ਸਾਂਝੇ ਤੌਰ ‘ਤੇ ਹੰਭਲਾ ਮਾਰਨ ਦੀ ਲੋੜ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਇੱਥੇ ਵਾਈ ਐੱਸ ਕਾਲਜ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਪੱਧਰ, ਸ਼ਹਿਰ ਪੱਧਰ ਇਥੋਂ ਤਕ ਕਿ ਵਾਰਡ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਕਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੁਲੀਸ ਵਲੋਂ ਵੀ ਨਸ਼ਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਅਤੇ ਇਸ ‘ਤੇ ਗੌਰ ਕਰਨ ਕਿ ਬੱਚਿਆਂ ਦੇ ਸੁਭਾਅ ਵਿੱਚ ਕੋਈ ਤਬਦੀਲੀ ਤਾਂ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਆਮ ਲੋਕ ਨਸ਼ਿਆਂ ਵਿਰੁੱਧ ਸੂਚਨਾ ਪ੍ਰਸ਼ਾਸਨ ਜਾਂ ਪੁਲੀਸ ਨੂੰ ਦੇ ਸਕਦੇ ਹਨ, ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਵਾਈ ਐੱਸ ਕਾਲਜ ਦੇ ਪ੍ਰਿੰਸੀਪਲ ਸ੍ਰੀ ਗੁਰਪਾਲ ਰਾਣਾ ਨੇ ਸਵਾਗਤੀ ਸ਼ਬਦ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਦਿਅਕ ਸੰਸਥਾਵਾਂ ਵੀ ਇਸ ਮੁਹਿੰਮ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਹਿਲੀ ਅਗਸਤ ਤੋਂ 31 ਅਗਸਤ ਤੱਕ ਨਸ਼ਿਆਂ ਵਿਰੁੱਧ ਲਗਾਤਾਰ ਜਾਗਰੂਕਤਾ ਗਤੀਵਿਧਿਆਂ ਕਰਵਾਈਆਂ ਜਾ ਰਹੀਆਂ ਹਨ। ਓਨ੍ਹਾਂ ਕਿਹਾ ਕਿ ਇਸ ਤਹਿਤ ਜਿੱਥੇ ਸਕੂਲਾਂ/ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਜਾਰੀ ਹਨ। ਓਨ੍ਹਾਂ ਹਾਜ਼ਰੀਨ ਨੂੰ ਨਸ਼ਾ ਮੁਕਤੀ ਦਾ ਪ੍ਰਣ ਵੀ ਦਿਵਾਇਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਮਨੋਰੋਗ ਮਾਹਿਰ ਡਾਕਟਰ ਗਗਨ ਸੇਖੋਂ ਵਲੋਂ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ ਦੇ ਸਿਹਤ ਉੱਤੇ ਬੁਰੇ ਪ੍ਰਭਾਵਾਂ ਅਤੇ ਇਸ ਮਾਨਸਿਕਤਾ ਵਿਚੋਂ ਬਾਹਰ ਆਉਣ ਦੇ ਹੱਲ ‘ਤੇ ਗੱਲ ਕੀਤੀ ਗਈ।
ਇਸ ਮੌਕੇ ਕ੍ਰਾਂਤੀ ਕਲਾ ਮੰਚ ਮੋਗਾ ਦੀ ਟੀਮ ਨੇ ਨਸ਼ਿਆਂ ਵਿਰੁੱਧ ਨਾਟਕ ‘ਫੁੱਲਾਂ ਦਾ ਰੰਗ ਕਾਲਾ’ ਵੀ ਖੇਡਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਪੋਸਟਰ, ਕੁਇਜ਼ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਇਸ ਤੋਂ ਇਲਾਵਾ ਵਾਈ ਐੱਸ ਅਦਾਰੇ ਦੇ 20 ਦੇ ਕਰੀਬ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਸਲੋਗਨ ਵੀ ਲਿਖੇ, ਜਿਨ੍ਹਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਵਲੋਂ ਕੀਤਾ ਗਿਆ।ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਭਾਸ਼ਣ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਮੁੱਖ ਮਹਿਮਾਨ ਵਲੋਂ ਇਸ ਮੁਹਿੰਮ ਵਿਰੁੱਧ ਅਦਾਰੇ ਦੇ ਵਿਹੜੇ ਵਿਚ ਪੌਦਾ ਵੀ ਲਾਇਆ ਗਿਆ ਅਤੇ ਹਾਜ਼ਰੀਨ ਵਿਦਿਆਰਥੀਆਂ ਨੂੰ ਨਸ਼ਾ ਮੁਕਤੀ ਸਲੋਗਨ ਵਾਲੀਆਂ ਟੋਪੀਆਂ ਅਤੇ ਕੱਪ ਵੰਡੇ ਗਏ।
ਇਸ ਮੌਕੇ ਵਾਈ ਐੱਸ ਸਕੂਲ ਪ੍ਰਿੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਸਮਾਜ ਸੇਵੀ ਸ੍ਰੀ ਰਾਜੇਸ਼ ਭੁਟਾਨੀ, ਸੇਵਾਮੁਕਤ ਕਾਨੂੰਗੋ ਉਜਾਗਰ ਸਿੰਘ, ਸਿਵਲ ਡਿਫੈਂਸ ਮੈਂਬਰ, ਸੀਨੀਅਰ ਪ੍ਰੋਗਰੈਸਿਵ ਸੋਸਾਇਟੀ ਦੇ ਮੈਂਬਰ, ਸਕੂਲ ਵਿਦਿਆਰਥੀ, ਸਟਾਫ਼ ਤੇ ਮਾਪੇ ਹਾਜ਼ਰ ਸਨ।
