ਹੁਸ਼ਿਆਰਪੁਰ, 4 ਜੁਲਾਈ 2025 AJ DI Awaaj
Punjab Desk :ਜ਼ਿਲਾ ਰੈੱਡ ਕਰਾਸ ਸੋਸਾਇਟੀ ਦਾ ਮੁੱਖ ਟੀਚਾ ਮਨੁੱਖੀ ਸੇਵਾ ਕਰਨੀ ਹੈ, ਜਿਸ ਸਬੰਧੀ ਰੈੱਡ ਕਰਾਸ ਵੱਖ-ਵੱਖ ਸਮਾਜਿਕ ਅਤੇ ਸਿਹਤ ਸਬੰਧੀ ਉਪਰਾਲਿਆਂ ਰਾਹੀਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ‘ਤੇ ਸਕਾਰਾਤਮਕ ਅਸਰ ਪਾ ਰਹੀ ਹੈ। ਜਨਤਾ ਦੀ ਸੇਵਾ ਦੇ ਪ੍ਰਤੀ ਆਪਣੇ ਵਚਨਬੱਧਤਾ ਅਤੇ ਆਧੁਨਿਕ ਜੀਵਨਸ਼ੈਲੀ ਕਾਰਨ ਵਧ ਰਹੀਆਂ ਫਿਜੀਓਥੈਰੇਪੀ ਦੀਆਂ ਲੋੜਾਂ ਨੂੰ ਦੇਖਦਿਆਂ ਰੈਡ ਕਰਾਸ ਨੇ ਡਗਾਣਾ ਰੋਡ ਵਿਖੇ ਨਵਾਂ ਫਿਜੀਓਥੈਰੇਪੀ ਸੈਂਟਰ ਸ਼ੁਰੂ ਕੀਤਾ ਹੈ, ਜਿਸ ਵਿੱਚ ਸ਼ੁਰੂਆਤ ਤੋਂ ਹੀ ਲੋਕਾਂ ਵੱਲੋਂ ਵਧੀਆ ਪ੍ਰਤਿਕਿਰਿਆ ਮਿਲੀ ਹੈ। ਸਿਰਫ ਦੋ ਮਹੀਨਿਆਂ ਵਿਚ ਹੀ 100 ਤੋਂ ਵੱਧ ਓ.ਪੀ.ਡੀ. ਹੋ ਚੁੱਕੀਆਂ ਹਨ, ਜੋ ਕਿ ਇਲਾਕੇ ਵਿੱਚ ਇਨ੍ਹਾਂ ਸੇਵਾਵਾਂ ਦੀ ਲੋੜ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਕਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਹ ਫਿਜੀਓਥੈਰੇਪੀ ਸੈਂਟਰ ਅਨੁਭਵੀ ਡਾ. ਅਮਨਦੀਪ ਕੌਰ ਵੱਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਬੀ.ਪੀ.ਟੀ ਅਤੇ ਐਮ.ਪੀ.ਟੀ (ਆਰਥੋਪੈਡਿਕਸ ) ਦੀ ਡਿਗਰੀ ਹੈ ਅਤੇ ਉਹ ਪਹਿਲਾਂ ਵੀ ਮੈਕਸ ਹਸਪਤਾਲ, ਦਿੱਲੀ ਵਰਗੇ ਵਿਖਿਆਤ ਮਲਟੀ-ਸੁਪਰ-ਸਪੈਸ਼ਲਟੀ ਹਸਪਤਾਲਾਂ ਵਿਚ ਕੰਮ ਕਰ ਚੁੱਕੇ ਹਨ। ਜਿਸ ਅਨੁਸਾਰ ਮਰੀਜ਼ਾ ਨੂੰ ਆਧੁਨਿਕ ਉਪਰਕਰਣਾਂ ਦੀ ਮਦਦ ਅਤੇ ਵਿਗਿਆਨਕ ਢੰਗ ਨਾਲ ਸੇਵਾਵਾਂ ਦਿੱਤੀਆ ਜਾ ਰਹੀਆ ਹਨ।
ਸੱਕਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਵਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰ ਕਿਸੇ ਮਰੀਜ਼ ਨੂੰ ਸਸਤੇ ਰੇਟਾਂ ਦੀ ਫਿਜਿਓਥੈਰੇਪੀ ਸੈਂਟਰ ਦਾ ਲਾਭ ਮਿਲ ਸਕੇ। ਇਸ ਲਈ ਓ.ਪੀ.ਡੀ. ਦੀ ਫੀਸ ਸਿਰਫ 70 ਰੁਪਏ ਰੱਖੀ ਗਈ ਹੈ। ਇਸ ਫਿਜਿਓਥੈਰੇਪੀ ਡਿਸਪੈਂਸਰੀ ਦੀਆ ਸੇਵਾਵਾਂ ਹਰ ਕਿਸੇ ਵਰਗ ਦਾ ਵਿਅਕਤੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਮਰੀਜ਼ਾਂ ਵਲੋਂ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ ਗਿਆ ਹੈ ਅਤੇ ਆਪਣੇ ਸਕਾਰਾਤਮਕ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ ਹੈ।
ਮੀਨਾ ਰਾਣੀ, ਸੁਭਾਸ਼ ਨਗਰ, ਗਲੀ ਨੰ. 4, ਨੇ ਕਿਹਾ ਕਿ ਉਹ ਪਿੱਠ ਦਰਦ ਕਾਰਨ ਢੰਗ ਨਾਲ ਬੈਠ ਵੀ ਨਹੀਂ ਸਕਦੀ ਸੀ, ਨਾ ਹੀ ਖੜੀ ਹੋ ਸਕਦੀ ਸੀ। ਉਸਨੇ ਇਕ ਪ੍ਰਾਈਵੇਟ ਫਿਜੀਓਥੈਰੇਪੀ ਸੈਂਟਰ ਤੋਂ ਇੱਕ ਹਫ਼ਤਾ ਇਲਾਜ ਲਿਆ ਪਰ ਜ਼ਿਆਦਾ ਫਰਕ ਨਹੀਂ ਪਿਆ। ਫਿਰ ਉਸਨੇ ਅਖ਼ਬਾਰ ਰਾਹੀਂ ਰੈੱਡ ਕਰਾਸ, ਫਿਜਿਓਥੈਰੇਪ ਸੈਂਟਰ ਬਾਰੇ ਜਾਣਿਆ। ਇੱਕ ਹਫ਼ਤੇ ਦੀ ਥੈਰੇਪੀ ਤੋਂ ਬਾਅਦ ਉਸਦੀ ਹਾਲਤ ਕਾਫੀ ਬਿਹਤਰ ਹੋ ਗਈ, ਹਿਲਜੁਲ ਆਸਾਨ ਹੋ ਗਈ ਅਤੇ ਉਹ ਆਪਣੀਆਂ ਰੋਜ਼ਾਨਾ ਦੀਆਂ ਗਤਿਵਿਧੀਆਂ ਆਸਾਨੀ ਨਾਲ ਕਰ ਸਕਦੀ ਹੈ।
ਹਰਵਿੰਦਰ ਸਿੰਘ ਵਾਸੀ ਡਾਗਾਣਾ ਰੋਡ ਨੇ ਦੱਸਿਆ ਕਿ ਉਹ ਗਰਦਨ ਦਰਦ ਕਾਰਨ ਪ੍ਰੇਸ਼ਾਨ ਸੀ।ਇੱਕ ਦੋਸਤ ਨੇ ਰੈਡ ਕਰਾਸ ਸੈਂਟਰ ਬਾਰੇ ਦੱਸਿਆ। 10 ਦਿਨ ਦੇ ਇਲਾਜ ਤੋਂ ਬਾਅਦ ਉਸਦੀ ਗਰਦਨ ਦੀ ਸਖ਼ਤਤਾ ਘੱਟੀ, ਦਰਦ ਘੱਟ ਹੋਇਆ ਅਤੇ ਹਿਲਜੁਲ ਵੀ ਬਿਹਤਰ ਹੋਈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਮੇਰੇ ਜਿਹੇ ਮਰੀਜ਼ਾਂ ਲਈ ਇੱਕ ਉਮੀਦ ਦੀ ਕਿਰਨ ਹੈ ਅਤੇ ਇਹ ਦੂਜੇ ਨਿੱਜੀ ਸੈਂਟਰਾਂ ਨਾਲੋਂ ਕਾਫੀ ਸਸਤਾ ਵੀ ਹੈ।
ਇੱਕ ਹੋਰ ਸਥਾਨਕ ਵਾਸੀ ਪੁਸ਼ਪਿੰਦਰ ਸਿੰਘ, ਜੋ ਕਿ ਘੁੱਟਣਾਂ ਦੇ ਦਰਦ ਨਾਲ ਪਰੇਸ਼ਾਨ ਸੀ, ਨੇ ਇਸ ਸੈਂਟਰ ਬਾਰੇ ਇਸ਼ਤਿਹਾਰੀ ਬੋਰਡ ਰਾਹੀਂ ਜਾਣਿਆ। ਇਲਾਜ ਤੋਂ ਪਹਿਲਾਂ ਉਹ ਢੰਗ ਨਾਲ ਖੜਾ ਵੀ ਨਹੀਂ ਹੋ ਸਕਦਾ ਸੀ, ਪਰ 3-4 ਦਿਨਾਂ ਦੀ ਥੈਰੇਪੀ ਤੋਂ ਬਾਅਦ ਉਸਨੂੰ ਕਾਫੀ ਸੁਧਾਰ ਮਹਿਸੂਸ ਹੋਇਆ। ਪੁਸ਼ਪਿੰਦਰ ਨੇ ਡਾ. ਅਮਨਦੀਪ ਕੌਰ ਦੀ ਕਾਫੀ ਸਿਫ਼ਤ ਕੀਤੀ ਅਤੇ ਕਿਹਾ ਕਿ ਉਹ ਮਰੀਜ਼ਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਅਤੇ ਸਮਝਦਾਰ ਹਨ। 70 ਰੁਪਏ ਦੀ ਫੀਸ ਹਰ ਨਾਗਰਿਕ ਲਈ ਬਹੁਤ ਹੀ ਸਸਤੀ ਹੈ
ਜੁਆਂਇੰਟ ਸੈਕਟਰੀ ਆਦਿਤਯ ਰਾਣਾ ਨੇ ਦੱਸਿਆ ਕਿ ਜ਼ਿਲਾ ਰੈਡ ਕਰਾਸ ਸੋਸਾਇਟੀ ਭਵਿੱਖ ਵਿੱਚ ਹੋਰ ਅਜਿਹੀਆਂ ਲੋਕ-ਭਲਾਈ ਪਹਿਲਾਂ ਲਿਆਉਣ ਲਈ ਵਚਨਬੱਧ ਹੈ ਅਤੇ ਜਨਤਾ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਉੱਚ ਗੁਣਵੱਤਾ ਵਾਲੀ ਸਸਤੀ ਸਿਹਤ ਸੇਵਾ ਦਾ ਪੂਰਾ ਲਾਭ ਲੈਣ।
