ਚੰਡੀਗੜ੍ਹ: 04 july 2025 AJ DI Awaaj
Punjab Desk : ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਪੰਜਾਬ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ਇਕ ਵਾਰ ਫਿਰ ਮੌਜੂਦਾ ਭਗਵੰਤ ਮਾਨ ਸਰਕਾਰ ‘ਤੇ ਸਖ਼ਤ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਹਿੱਤਾਂ ਦੇ ਟਕਰਾਅ (Conflict of Interest) ਸਬੰਧੀ ਕਾਨੂੰਨ ਲਿਆਂਦਾ ਜਾਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ, “ਜਦੋਂ ਮੰਤਰੀਆਂ ਨੂੰ ਉਹ ਵਿਭਾਗ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਉਹਨਾਂ ਦੇ ਨਿੱਜੀ ਕਾਰੋਬਾਰ ਜੁੜੇ ਹੋਣ, ਤਾਂ ਇਹ ਸਿੱਧਾ-ਸਿੱਧਾ ਨਿੱਜੀ ਮਫ਼ਾਦ ਨੂੰ ਤਰਜੀਹ ਦੇਣ ਵਾਲਾ ਮਾਮਲਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਲੋਕਹਿੱਤ ਪਿੱਛੇ ਰਹਿ ਜਾਂਦਾ ਹੈ।”
ਪਰਗਟ ਸਿੰਘ ਨੇ ਮਾਨ ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦੇ ਆਰੋਪ ਲਾਏ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਾਬਕਾ ਮੰਤਰੀ ਖ਼ਿਲਾਫ਼ Conflict of Interest ਦੀ ਜਾਂਚ ਕਰ ਰਹੀ ਹੈ, ਪਰ ਦੂਜੇ ਪਾਸੇ ਨਵੇਂ ਮੰਤਰੀਆਂ ਦੇ ਵਿਭਾਗ ਅਤੇ ਉਨ੍ਹਾਂ ਦੇ ਨਿੱਜੀ ਕਾਰੋਬਾਰ ਵਿੱਚ ਸਾਫ਼ ਹਿੱਤਾਂ ਦੇ ਟਕਰਾਅ ਦੇ ਬਾਵਜੂਦ ਸਰਕਾਰ ਚੁੱਪ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਵੀ ਇਹੋ ਜਿਹਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋਈ ਸੀ, ਪਰ ਕਿਸੇ ਕਾਰਨ ਕਰਕੇ ਰੋਕ ਦਿੱਤੀ ਗਈ। ਅੱਜ ਦੇ ਸਮੇਂ ਵਿਚ, ਉਨ੍ਹਾਂ ਮੁਤਾਬਕ, ਪੰਜਾਬ ਲਈ ਇਹ ਕਾਨੂੰਨ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਸਿਸਟਮ ਨੂੰ ਪਾਰਦਰਸ਼ੀ ਅਤੇ ਲੋਕਤੰਤਰਿਕ ਬਣਾਇਆ ਜਾ ਸਕੇ।
