ਵਿਧਾਇਕ ਬੁੱਧ ਰਾਮ ਵੱਲੋਂ ਹਲਕੇ ਦੇ ਸਰਕਾਰੀ ਸਕੂਲਾਂ ’ਚ 43 ਲੱਖ ਦੇ ਕਰੀਬ ਵਿਕਾਸ ਕਾਰਜਾਂ ਦਾ ਉਦਘਾਟਨ

61

ਬੁਢਲਾਡਾ/ਮਾਨਸਾ, 20 ਮਈ 2025 AJ Di Awaaj
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ ਸਰਕਾਰੀ ਸਕੂਲਾਂ ’ਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਲਾਜ਼ਮੀ ਹੈ ਜਿਸ ਦੇ ਲਈ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਮਾਰਟ ਕਲਾਸਰੂਮਜ਼, ਸਮਾਰਟ ਲੈਬਜ਼, ਕੰਪਿਊਟਰਜ਼, ਇੰਟਰਨੈਟ ਅਤੇ ਵਧੀਆ ਫਰਨੀਚਰ ਨਾਲ ਲੈਸ ਲਾਇਬ੍ਰੇਰੀਆਂ ਇਸ ਗੱਲ ਦੀ ਹਾਮ੍ਹੀ ਭਰਦੀਆਂ ਨੇ ਕਿ ਸਾਡੀ ਸਰਕਾਰ ਵੱਲੋਂ ਸਰਕਾਰ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ ਹੈ ਕਿ ਅਸੀਂ ਸਰਕਾਰੀ ਸਕੂਲਾਂ ਵਿਚ ਅਜਿਹਾ ਮਾਹੌਲ ਪ੍ਰਦਾਨ ਕਰੀਏ ਤਾਂ ਜੋ ਹਰ ਇਕ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਨ ਨੂੰ ਤਰਜੀਹ ਦੇਵੇ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ ਪੈਦਾ ਹੋਵੇ।
ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਭੀਖੀ ਰੋਡ ਬੁਢਲਾਡਾ ਵਿਖੇ 35.01 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਜਾਖਲ ਕੈਂਚੀਆਂ ਵਿਖੇ 5.04 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਈ.ਜੀ.ਐਸ. ਗੁਰਨੇ ਕਲਾਂ ਵਿਖੇ 3.21 ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਪਿਆਰਾ ਸਿੰਘ ਗੁਰਨੇ, ਸਕੂਲ ਮੁਖੀ ਜਸਵੀਰ ਕੌਰ, ਗੁਰਪਿਆਰ ਸਿੰਘ ਤੇ ਗੁਰਲਾਲ ਸਿੰਘ, ਚੇਅਰਮੈਨ ਐਸ.ਐਮ.ਸੀ. ਟੋਨੀ ਕੁਮਾਰ, ਬੂਟਾ ਸਿੰਘ ਤੇ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।