ਫਿਰੋਜ਼ਪੁਰ, 14 ਮਈ 2025 Aj Di Awaaj
ਵਧੀਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨ ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ 75 ਐਮ.ਜੀ. ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੁਝ ਮਾੜੇ ਅਨਸਰਾਂ ਵੱਲੋਂ ਇਸ ਦਵਾਈ ਦੀ ਵਿਆਪਕ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ 75 ਐਮ.ਜੀ ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ’ ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ।
ਹੁਕਮਾਂ ਵਿੱਚ ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲ ਵਿੱਚ ਫਾਰਮਸਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰੀਗਾਬਾਲਿਨ 75 ਐਮ.ਜੀ ਬਿਨਾਂ ਅਸਲ ਪਰਚੀ ਦੇ ਨਹੀਂ ਵੇਚੇਗਾ। ਇਸ ਤੋਂ ਇਲਾਵਾ ਹੁਕਮਾਂ ਅਨੁਸਾਰ ਵੇਚਣ ਵਾਲੇ ਇਹ ਗੱਲ ਵੀ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿਨ 75 ਐਮ.ਜੀ ਤੱਕ ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਵੀ ਰਿਕਾਰਡ ਵੀ ਰੱਖਣਗੇ ਅਤੇ ਖਰੀਦ ਅਤੇ ਵੇਚ ਦਾ ਬਿੱਲ ਸਮੇਤ ਰਿਕਾਰਡ ਰੱਖਣਾ ਯਕੀਨੀ ਬਣਾਉਣਗੇ। ਅਸਲ ਪਰਚੀ ਦੇ ਉਪਰ ਸਟੈਂਪ ਸਮੇਤ ਇਨ੍ਹਾਂ ਚੀਜਾਂ ਜਿਵੇ ਕੇ ਕੈਮਿਸਟ/ ਰਿਟੇਲਰ/ ਟਰੇਡ ਦਾ ਨਾਮ, ਗੋਲੀਆਂ ਖਰੀਦਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਆਦਿ ਨੂੰ ਵੀ ਯਕੀਨੀ ਬਣਾਉਣਗੇ।
ਇਨ੍ਹਾਂ ਹੁਕਮਾਂ ਮੁਤਾਬਿਕ ਹਰ ਰਿਟੇਲਰ/ਕੈਮਿਸਟ, ਮੈਡੀਕਲ ਸਟੋਰ ਮਾਲਕ ਅਤੇ ਹਸਪਤਾਲ ਵਿੱਚ ਫਾਰਮਸਿਸਟ ਇਸ ਚੀਜ ਨੂੰ ਵੀ ਯਕੀਨੀ ਬਣਾਉਣਗੇ ਕਿ ਖਰੀਦ ਕਰਨ ਵਾਲੇ ਵੱਲੋਂ ਅਸਲ ਪਰਚੀ ਦੇ ਉਪਰ ਪਹਿਲਾਂ ਹੀ ਕਿਸੇ ਹੋਰ ਦੁਕਾਨ ਤੋਂ ਇਹ ਦਵਾਈ (ਪ੍ਰੀਗਾਬਾਲਿਨ 75 ਐਮ.ਜੀ) ਨਾ ਖਰੀਦੀ ਗਈ ਹੋਵੇ। ਵੇਚਣ ਵਾਲੇ ਇਹ ਵੀ ਯਕੀਨੀ ਬਣਾਉਣਗੇ ਕਿ ਪਰਚੀ ਵਿੱਚ ਦਰਜ ਦਿਨਾਂ ਤੋਂ ਵੱਧ ਗਾਹਕ ਨੂੰ ਦਵਾਈ ਨਾ ਮੁਹੱਈਆ ਕਰਵਾਈ ਜਾਵੇ। ਜਿਹਨਾਂ ਮਰੀਜਾਂ ਨੂੰ ਅਸਲ ਵਿੱਚ ਇਹ ਦਵਾਈ ਦੀ ਜਰੂਰਤ ਹੈ, ਉਨ੍ਹਾਂ ਮਰੀਜਾਂ ਲਈ ਕੇਵਲ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਜਨ ਔਸ਼ਧੀ ਜੈਨਰਿਕ ਡਰੱਗ ਸਟੋਰ ਦੁਆਰਾ ਚਲਾਏ ਜਾ ਰਹੇ ਮੈਡੀਕਲ ਸਟੋਰ ਵਿੱਚ ਉਪਲਬੱਧ ਰਹੇਗੀ। ਜਨ ਔਸ਼ਧੀ ਜੈਨਰਿਕ ਸਟੋਰ ਦੇ ਇੰਚਾਰਜ ਇਹ ਯਕੀਨੀ ਬਣਾਉਣਗੇ ਕਿ ਸਾਰੇ ਫਾਰਮੂਲਿਆਂ ਦੇ ਪ੍ਰੀਗਾਬਾਲਿਨ ਦੀ ਖਰੀਦ/ਵਿਕਰੀ ਦਾ ਸਹੀ ਰਿਕਾਰਡ ਰੱਖਿਆ ਜਾਵੇ ਅਤੇ ਇਸ ਆਦੇਸ਼ ਵਿੱਚ ਬਾਕੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਇਹ ਹੁਕਮ 31 ਮਈ 2025 ਤੱਕ ਲਾਗੂ ਰਹਿਣਗੇ।
