ਅੱਜ ਦੀ ਆਵਾਜ਼ | 19 ਅਪ੍ਰੈਲ 2025
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਨੰਗਲ ਸ਼ਹਿਰ ਦੇ ਵਿਕਾਸ ਸਬੰਧੀ ਮਹੱਤਵਪੂਰਣ ਮੰਗਾਂ ਰੱਖੀਆਂ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ, ਜੋ ਇੱਕ ਸਮੇਂ ਦੇਸ਼ ਦੇ ਸਭ ਤੋਂ ਖੂਬਸੂਰਤ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਸੀ, ਅੱਜ ਅਣਗਹਿਲੀ ਦਾ ਸ਼ਿਕਾਰ ਹੈ। ਉਨ੍ਹਾਂ ਨੇ ਨੰਗਲ ਨੂੰ ਉਸਦੀ ਪੁਰਾਣੀ ਸ਼ਾਨ ਵਾਪਸ ਦੇਣ ਅਤੇ ਸਥਾਨਕ ਵਸਨੀਕਾਂ ਦੀ ਜ਼ਿੰਦਗੀ ਸੁਧਾਰਨ ਲਈ ਕਈ ਸੁਝਾਵ ਦਿੱਤੇ।
ਪ੍ਰਧਾਨ ਮੰਗਾਂ:
-
ਨੰਗਲ ਤੋਂ ਭਾਖੜਾ ਡੈਮ ਤੱਕ ਪੁਰਾਣੀ ਰੇਲ ਲਾਈਨ ‘ਤੇ ਵਿਰਾਸਤੀ ਟਰੈਨ ਚਲਾਈ ਜਾਵੇ, ਜੋ ਸੈਰ-ਸਪਾਟੇ ਲਈ ਇੱਕ ਨਵਾਂ ਆਕਰਸ਼ਣ ਬਣ ਸਕਦੀ ਹੈ।
-
ਨੰਗਲ ਝੀਲ ਅਤੇ ਨਦੀ ਕਿਨਾਰੇ ਸੈਰ-ਸਪਾਟੇ ਦੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣ।
-
ਭਾਖੜਾ-ਨੰਗਲ ਡੈਮ ਮਿਊਜ਼ੀਅਮ ਦੀ ਨਿਰਮਾਣ ਪ੍ਰਕਿਰਿਆ ਤੇਜ਼ ਕੀਤੀ ਜਾਵੇ।
-
ਨੰਗਲ ਲਈ ਪਾਰਦਰਸ਼ੀ ਅਤੇ ਆਧੁਨਿਕ ਲੀਜ਼ ਨੀਤੀ ਲਾਗੂ ਕੀਤੀ ਜਾਵੇ, ਤਾਂ ਜੋ ਦਹਾਕਿਆਂ ਤੋਂ ਰਹਿ ਰਹੇ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਮਿਲ ਸਕੇ।
-
ਨੰਗਲ ਡੈਮ ਦੀ ਰੋਸ਼ਨੀ ਅਤੇ ਸਜਾਵਟ, ਜਿਸ ਨਾਲ ਨੰਗਲ ਸ਼ਹਿਰ ਦੀ ਸੁੰਦਰਤਾ ਵਧੇਗੀ ਅਤੇ ਇਹ ਇੱਕ ਟੂਰਿਸਟ ਹਬ ਬਣ ਸਕੇਗਾ।
-
ਸਿਨੇਮਾ, ਸ਼ਾਪਿੰਗ ਕੰਪਲੈਕਸ ਅਤੇ ਮਨੋਰੰਜਨ ਜ਼ੋਨ ਸਥਾਪਤ ਕਰਨ ਦੀ ਮੰਗ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸ਼ਹਿਰ ਨੂੰ ਨਵੀਂ ਪਛਾਣ ਮਿਲੇਗੀ।
ਮੰਤਰੀ ਬੈਂਸ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਇਨ੍ਹਾਂ ਵਿਕਾਸ ਕਾਰਜਾਂ ਲਈ ਜਲਦ ਕਾਰਵਾਈ ਕਰੇਗੀ ਅਤੇ ਨੰਗਲ ਨੂੰ ਇੱਕ ਆਧੁਨਿਕ ਅਤੇ ਆਕਰਸ਼ਕ ਸ਼ਹਿਰ ਬਣਾਉਣ ਵਿੱਚ ਸਹਿਯੋਗ ਦੇਵੇਗੀ।
