ਰੂਪਨਗਰ, 30 ਸਤੰਬਰ 2026 AJ DI Awaaj
Punjab Desk : ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਿਰਫ਼ ਨੌਜਵਾਨ ਖਿਡਾਰੀਆਂ ਦੇ ਜੋਸ਼ ਅਤੇ ਜਜ਼ਬੇ ਦੀ ਗਵਾਹੀ ਹੀ ਨਹੀਂ ਦੇ ਰਹੇ, ਸਗੋਂ ਇਹ ਵੀ ਸਾਬਤ ਕਰ ਰਹੇ ਹਨ ਕਿ ਖੇਡਾਂ ਲਈ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ਇਨ੍ਹਾਂ ਮੁਕਾਬਲਿਆਂ ਦੌਰਾਨ ਸਨ ਸਿਟੀ ਰੂਪਨਗਰ ਦੀ ਰਹਿਣ ਵਾਲੀ 63 ਸਾਲਾ ਭਰਪੂਰ ਕੌਰ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ 100 ਮੀਟਰ, 400 ਮੀਟਰ ਅਤੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੌਜਵਾਨਾਂ ਸਮੇਤ ਹਰ ਵਰਗ ਦੇ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣਨ ਦਾ ਮਾਣ ਹਾਸਲ ਕੀਤਾ।
ਭਰਪੂਰ ਕੌਰ ਇੱਕ ਘਰੇਲੂ ਔਰਤ ਹਨ ਅਤੇ ਖੇਡਾਂ ਨਾਲ ਉਨ੍ਹਾਂ ਦਾ ਜੁੜਾਅ ਇਸ ਗੱਲ ਦੀ ਮਿਸਾਲ ਹੈ ਕਿ ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਦੀ ਕੋਈ ਹੱਦ ਮਨੁੱਖ ਦੇ ਕਦਮ ਨਹੀਂ ਰੋਕ ਸਕਦੀ। ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਅਥਲੀਟ ਹਨ ਅਤੇ ਵੱਖ-ਵੱਖ ਪੱਧਰਾਂ ’ਤੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦੀ ਖੇਡ ਯਾਤਰਾ ਇਹ ਸੰਦੇਸ਼ ਦਿੰਦੀ ਹੈ ਕਿ ਸਰੀਰ ਦੀ ਉਮਰ ਵਧ ਸਕਦੀ ਹੈ, ਪਰ ਜੇਕਰ ਹੌਸਲਾ, ਮਿਹਨਤ ਅਤੇ ਆਪਣੇ ਆਪ ’ਤੇ ਵਿਸ਼ਵਾਸ ਕਾਇਮ ਰਹੇ ਤਾਂ ਸੁਪਨਿਆਂ ਦੀ ਕੋਈ ਉਮਰ ਨਹੀਂ ਹੁੰਦੀ।
‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਰਪੂਰ ਕੌਰ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ 800 ਮੀਟਰ ਦੌੜ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਤਿੰਨੋਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੇ ਖੇਡ ਮੈਦਾਨ ਵਿੱਚ ਮੌਜੂਦ ਖਿਡਾਰੀਆਂ, ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਵਿੱਚ ਵਿਸ਼ੇਸ਼ ਉਤਸ਼ਾਹ ਪੈਦਾ ਕੀਤਾ।
ਭਰਪੂਰ ਕੌਰ ਦੀ ਇਹ ਪ੍ਰਾਪਤੀ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦਿਆਂ ਖੇਡਾਂ ਲਈ ਆਪਣਾ ਸਮਾਂ ਅਤੇ ਮਿਹਨਤ ਸਮਰਪਿਤ ਕੀਤੀ। ਉਨ੍ਹਾਂ ਦੀ ਕਹਾਣੀ ਉਨ੍ਹਾਂ ਸਾਰੀਆਂ ਔਰਤਾਂ ਲਈ ਪ੍ਰੇਰਣਾਦਾਇਕ ਹੈ ਜੋ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੀਆਂ ਰੁਚੀਆਂ ਅਤੇ ਸੁਪਨਿਆਂ ਨੂੰ ਵੀ ਜ਼ਿੰਦਾ ਰੱਖਣਾ ਚਾਹੁੰਦੀਆਂ ਹਨ।
ਭਰਪੂਰ ਕੌਰ ਨੇ ਦੱਸਿਆ ਕਿ ਖੇਡਾਂ ਉਨ੍ਹਾਂ ਲਈ ਸਿਰਫ਼ ਮੁਕਾਬਲਾ ਨਹੀਂ, ਸਗੋਂ ਜੀਵਨ ਜਿਊਣ ਦਾ ਇੱਕ ਢੰਗ ਹਨ। ਉਨ੍ਹਾਂ ਕਿਹਾ ਕਿ ਨਿਯਮਤ ਅਭਿਆਸ, ਅਨੁਸ਼ਾਸਨ, ਸਹੀ ਖੁਰਾਕ, ਹੌਸਲਾ ਅਤੇ ਲਗਾਤਾਰ ਮਿਹਨਤ ਹੀ ਖਿਡਾਰੀ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਅਤੇ ਆਪਣੀ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਗਾਉਣ ਦਾ ਸੰਦੇਸ਼ ਦਿੱਤਾ।
ਭਰਪੂਰ ਕੌਰ ਦੀ ਖੇਡ ਯਾਤਰਾ ਇਸ ਗੱਲ ਦੀ ਵੀ ਮਿਸਾਲ ਹੈ ਕਿ ਮੈਡਲ ਜਿੱਤਣ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਅੰਦਰਲੇ ਡਰ ਅਤੇ ਹਿਚਕਿਚਾਹਟ ’ਤੇ ਜਿੱਤ ਹਾਸਲ ਕਰਨੀ ਪੈਂਦੀ ਹੈ। 63 ਸਾਲ ਦੀ ਉਮਰ ਵਿੱਚ ਦੌੜ ਦੇ ਮੈਦਾਨ ਵਿੱਚ ਉਤਰ ਕੇ ਤਿੰਨੋਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ।
ਜ਼ਿਕਰਯੋਗ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਮਕਸਦ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨਾ, ਖੇਡ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਾ ਹੈ।
ਭਰਪੂਰ ਕੌਰ ਦੀ ਕਹਾਣੀ ਸੱਚਮੁੱਚ ਇਹ ਕਹਿਣ ਲਈ ਮਜਬੂਰ ਕਰਦੀ ਹੈ—ਮੰਜ਼ਿਲ ਤੱਕ ਪਹੁੰਚਣ ਵਾਲੇ ਕਦਮਾਂ ਦੀ ਗਿਣਤੀ ਨਹੀਂ ਹੁੰਦੀ, ਉਨ੍ਹਾਂ ਵਿੱਚ ਮੌਜੂਦ ਹੌਸਲੇ ਦੀ ਹੁੰਦੀ ਹੈ। ਉਮਰ 63 ਸਾਲ ਹੈ, ਪਰ ਜਜ਼ਬਾ ਅਜੇ ਵੀ ਜਵਾਨ ਹੈ।



















