ਕੌਮੀ ਸਰਵੇ ‘ਚ ਬਰਨਾਲਾ ਦੇ 6 ਅਦਾਰੇ ਗ੍ਰੀਨ ਸਕੂਲ ਐਲਾਨੇ

60

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਰਨਾਲਾ

–4 ਫਰਵਰੀ ਨੂੰ ਕੌਮੀ ਪੱਧਰ ਦੇ ਸਮਾਗਮ ‘ਚ ਕੀਤਾ ਜਾਵੇਗਾ ਸਨਮਾਨਿਤ
ਬਰਨਾਲਾ, 28 ਜਨਵਰੀ : Aj Di Awaaj
ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ (ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ) ਹੇਠਾਂ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਅਤੇ ਸੈਂਟਰ ਫਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉਦਮਾ ਸਦਕਾ ਭਾਰਤ ਦੇ ਸਾਰੇ ਸਕੂਲਾਂ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੀਨ ਸਕੂਲ ਪ੍ਰੋਗਰਾਮ ਦੇ ਜ਼ਿਲ੍ਹਾ ਕੁਆਡੀਨੇਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੇ ਨਤੀਜੇ ਆ ਗਏ ਹਨ। ਗਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ, ਪਾਣੀ, ਧਰਤੀ, ਭੋਜਨ ਅਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ। ਇਸ ਵਾਰ ਪੂਰੇ ਭਾਰਤ ਦੇ 345 ਸਕੂਲਾਂ ਵਿੱਚੋਂ ਪੰਜਾਬ ਦੇ 196 ਸਕੂਲਾਂ ਨੂੰ ਗ੍ਰੀਨ ਸਕੂਲ ਘੋਸ਼ਿਤ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ੍ਰੀਮਤੀ ਮਲਕਾ ਰਾਣੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੀ ਰੇਟਿੰਗ ਵਿੱਚ ਸੁਧਾਰ ਕਰਦੇ ਹੋਏ ਬਰਨਾਲਾ ਜ਼ਿਲ੍ਹੇ ਦੇ 6 ਸਕੂਲ ਨੈਸ਼ਨਲ ਪੱਧਰ ‘ਤੇ ਗ੍ਰੀਨ ਸਕੂਲ ਘੋਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਨੰਗਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਮੁੰਡੇ, ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮਹਿਰਾਜ , ਸਰਕਾਰੀ ਪ੍ਰਾਇਮਰੀ ਸਕੂਲ ਚੁੰਘ ਦੇ ਨਾਮ ਸ਼ਾਮਿਲ ਹਨ। ਬਰਨਾਲਾ ਜ਼ਿਲ੍ਹੇ ਦੇ ਵਿੱਚ 2 ਪ੍ਰਾਈਮਰੀ, 1 ਹਾਈ ਅਤੇ 3 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਹ ਐਵਾਰਡ ਮਿਲਿਆ ਹੈ।
ਜ਼ਿਲ੍ਹਾ ਬਰਨਾਲਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਮਲਕਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਬਰਜਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਇੰਦੂ ਸਿਮਕ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਨੀਰਜਾ ਦੁਆਰਾ ਜ਼ਿਲ੍ਹਾ ਬਰਨਾਲਾ ਦੀ ਗਰੀਨ ਸਕੂਲ ਪ੍ਰੋਗਰਾਮ ਟੀਮ ਦੀ ਸ਼ਲਾਘਾ ਕਰਦੇ ਹੋਏ ਚੁਣੇ ਗਏ ਗ੍ਰੀਨ ਸਕੂਲਾਂ ਦੇ ਮਿਹਨਤੀ ਗਰੀਨ ਸਕੂਲ ਨੋਡਲ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਚੁਣੇ ਹੋਏ ਸਕੂਲਾਂ ਨੂੰ ਭਾਰਤ ਸਰਕਾਰ ਦੁਆਰਾ ਗਰੀਨ ਸਕੂਲ ਪ੍ਰੋਗਰਾਮ ਕਾਰਨੀਵਾਲ ਅਤੇ ਇਨਾਮ ਵੰਡ ਸਮਾਰੋਹ ਵਿੱਚ 4 ਫਰਵਰੀ 2025 ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ ।