19 ਬਟਾਲਿਅਨ ਬੀਐਸਐਫ਼ ਵੱਲੋਂ ਸਾਈਕਲ ਰੈਲੀ ਦਾ ਆਯੋਜਨ

59

ਫਾਜ਼ਿਲਕਾ, 12 ਅਗਸਤ  2025 AJ DI Awaaj

Punjab Desk : ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ 19 ਬਟਾਲਿਅਨ ਬਾਰਡਰ ਸਿਕਿਉਰਟੀ ਫੋਰਸ ਵੱਲੋਂ ਰਾਸ਼ਟਰੀ ਏਕਤਾ, ਦੇਸ਼ਭਗਤੀ ਤੇ ਸਥਾਨਕ ਵਸਨੀਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਦਾ ਸ਼ੁਭ ਆਗਾਜ਼ 19 ਬਟਾਲਿਅਨ ਦੇ ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਬੀਓਪੀ ਮੁਹਾਰਸੋਨਾ ਤੋਂ ਕੀਤਾ ਅਤੇ ਖੁਦ ਰੈਲੀ ਦੀ ਅਗਵਾਈ ਕੀਤੀ। ਉਨ੍ਹਾਂ ਦੇ ਨਾਲ 05 ਗਜ਼ੇਟਿਡ ਅਫ਼ਸਰ, 25 ਸਬ ਆਫ਼ਸਰ ਅਤੇ 90 ਹੋਰ ਰੈਂਕ (ਜਿਨ੍ਹਾਂ ਵਿੱਚ ਮਹਿਲ਼ਾ ਕਾਂਸਟੇਬਲ ਵੀ ਸ਼ਾਮਲ ਸਨ) ਸ਼ਾਮਲ ਸਨ। ਇਸਦੇ ਨਾਲ ਹੀ ਬੀਓਪੀ ਜੀ.ਜੀ.1 ਤੋਂ ਸ਼੍ਰੀ ਜੀ.ਕੇ. ਸ਼ਾਹ, ਦੂਜੇ ਇਨ ਕਮਾਂਡ ਦੀ ਅਗਵਾਈ ਹੇਠ ਇੱਕ ਹੋਰ ਟੀਮ ਨੂੰ ਰਵਾਨਾ ਕੀਤਾ ਗਿਆ, ਜੋ ਪਿੰਡ ਮੌਜਮ ਵਿੱਚ ਪਹਿਲੀ ਟੀਮ ਨਾਲ ਜੁੜ ਗਈ। ਮਿਲ ਕੇ ਦੋਵੇਂ ਟੀਮਾਂ ਨੇ ਖੇਤਰ ਦੇ 25 ਪਿੰਡਾਂ ਦਾ ਦੌਰਾ ਕੀਤਾ।
ਇਸ ਰੈਲੀ ਵਿੱਚ ਬੀਐਸਐਫ਼ ਜਵਾਨਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ 55 ਨੌਜਵਾਨਾਂ ਅਤੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ। ਮੌਕੇ ‘ਤੇ ਸੰਬੋਧਨ ਕਰਦਿਆਂ ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਵਿੱਚ ਬੀਐਸਐਫ਼ ਦੀ ਭੂਮਿਕਾ, ਜ਼ਿੰਮੇਵਾਰੀਆਂ ਅਤੇ ਬਲੀਦਾਨਾਂ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਏਕਤਾ, ਆਪਸੀ ਸਤਿਕਾਰ ਅਤੇ ਸਾਂਝੀ ਜ਼ਿੰਮੇਵਾਰੀ ਦੀ ਮਹੱਤਤਾ ਉਤੇ ਜ਼ੋਰ ਦਿੰਦੇ ਹੋਏ ਦੇਸ਼ ਦੀ ਸੰਪ੍ਰਭੁਤਾ ਅਤੇ ਅਖੰਡਤਾ ਪ੍ਰਤੀ ਅਟੱਲ ਰਹਿਣ ਦੀ ਅਪੀਲ ਕੀਤੀ।
ਰੈਲੀ ਦੌਰਾਨ ਭਾਗੀਦਾਰਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ । ਭਾਰਤ ਮਾਤਾ ਦੀ ਜੈ  ਦੇ ਨਾਅਰੇ ਬੀਐਸਐਫ਼ ਜਵਾਨਾਂ ਅਤੇ ਸਥਾਨਕ ਲੋਕਾਂ ਵੱਲੋਂ ਮਿਲਜੁਲ ਕੇ ਲਗਾਏ ਗਏ। ਸਥਾਨਕ ਵਸਨੀਕਾਂ ਨੇ ਭਰਪੂਰ ਸਹਿਯੋਗ ਦਿੰਦਿਆਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹੌਸਲਾ ਵਧਾਇਆ।
ਇਸ ਮੌਕੇ ਕਮਾਂਡੈਂਟ ਨੇ ਪਿੰਡ ਮੌਜਮ ਵਿੱਚ ਆਯੋਜਿਤ ਪਿੰਡ ਕੋਆਰਡੀਨੇਸ਼ਨ ਮੀਟਿੰਗ ਵਿੱਚ ਸਰਪੰਚ ਅਤੇ ਨੇੜਲੇ ਪਿੰਡਾਂ ਦੇ ਨਿਵਾਸੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਹ ਸਾਈਕਲ ਰੈਲੀ ਨਾ ਸਿਰਫ਼ ਹਰ ਘਰ ਤਿਰੰਗਾ ਮੁਹਿੰਮ ਦਾ ਜਸ਼ਨ ਸੀ, ਸਗੋਂ ਬੀਐਸਐਫ਼ ਅਤੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਵਿਚਕਾਰ ਭਰੋਸੇ, ਸਹਿਯੋਗ ਅਤੇ ਭਾਈਚਾਰੇ ਦੇ ਰਿਸ਼ਤੇ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਵੀ ਸਾਬਤ ਹੋਈ।