ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫ਼ਤਹਿਗੜ੍ਹ ਸਾਹਿਬ
* ਮੰਡੀ ਗੋਬਿੰਦਗੜ੍ਹ ਵਿਖੇ ਸੜਕ ਸੁਰੱਖਿਆ ਨੂੰ ਲੈ ਕੇ ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ
ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ, 10 ਜਨਵਰੀ:- Aj Di Awaaj
ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਅਤੇ ਸੁਰੱਖਿਅਤ ਡਰਾਈਵਿੰਗ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸੂਬੇ ਭਰ ਵਿੱਚ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਜਾਗਰੂਕਤਾ ਮੁਹਿੰਮ ਤਹਿਤ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 16 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਸਹਾਇਕ ਟਰਾਂਸਪੋਰਟ ਅਫਸਰ ਸ਼੍ਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਤਹਿਤ ਓਵਰ ਲੋਡ ਗੱਡੀਆਂ ਦੇ 04, ਟਰੈਕਟਰ ਟਰਾਲੀਆਂ ਨੂੰ ਵਪਾਰਕ ਤੌਰ ਤੇ ਵਰਤਣ ਲਈ 01, ਬਿਨਾਂ ਦਸਤਾਵੇਜ ਵਾਹਨ ਚਲਾਉਣ ਤੇ 01, ਬਿਨਾਂ ਲਾਇਸੈਂਸ ਦੇ 06, ਬਿਨਾਂ ਫਿਟਨੈੱਸ ਦੇ 02, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ 02 ਚਲਾਨ ਕੀਤੇ ਗਏ।
ਏ.ਡੀ.ਟੀ.ਓ. ਨੇ ਕਿਹਾ ਕਿ ਸੜਕ ਸੁਰੱਖਿਆ ਅੱਜ ਦੇ ਸਮੇਂ ਦੀ ਸਭ ਤੋਂ ਮੁੱਖ ਲੋੜ ਹੈ ਕਿਉਂਕਿ ਰੋਜ਼ਾਨਾਂ ਸੜਕੀ ਹਾਦਸਿਆਂ ਵਿੱਚ ਕਈ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਹਨ ਚਲਾਉਣ ਤੋਂ ਗੁਰੇਜ ਕਰਨ।














