ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫ਼ਤਹਿਗੜ੍ਹ ਸਾਹਿਬ
ਵਿਦਿਆਰਥੀਆਂ ਤੇ ਮਾਪਿਆ ਸਮੇਤ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਫ਼ਤਹਿਗੜ੍ਹ ਸਾਹਿਬ, ਅੱਜ ਦੀ ਆਵਾਜ਼ | 08 ਅਪ੍ਰੈਲ 2025
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਵੱਖ-ਵੱਖ ਵਿਕਾਸ ਕਾਰਜਾਂ ਨਾਲ ਸਰਕਾਰੀ ਸਕੂਲਾਂ ਦੇ ਸੁਨਿਹਰੀ ਦੌਰ ਦੀ ਸ਼ੁਰੂਆਤ ਹੋਈ ਹੈ ਅਤੇ ਸਰਕਾਰ ਦੀ ਇਸ ਪਹਿਲ ਕਦਮੀ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਕੀਆਂ ਦੇ ਮਾਪਿਆਂ ਵੱਲੋਂ ਭਰਪੂਰ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
ਪਿੰਡ ਡੇਰਾ ਮੀਰ ਮੀਰਾਂ ਦੇ ਜਸਵਿੰਦਰ ਸਿੰਘ ਤੇ ਮਨਜੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸਕੂਲਾਂ ਵਿੱਚ ਖੇਡ ਮੈਦਾਨ ਬਣਾਉਣ ਨਾਲ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ ਹੋਰ ਸੌਖਾ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਸਨ ਪ੍ਰੰਤੂ ਹੁਣ ਲੋਕ ਆਪਣੇ ਬੱਚਿਆਂ ਨੂੰ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਾ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਪਿੰਡ ਦੇ ਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਸ ਦੇ ਬੱਚੇ ਵੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ ਪ੍ਰੰਤੂ ਹੁਣ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ।
ਪਿੰਡ ਡੇਰਾ ਮੀਰ ਮੀਰਾਂ ਦੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਦੀ ਹਾਲਤ ਬਹੁਤ ਖਸਤਾ ਸੀ ਹੁਣ ਸਕੂਲ ਦੀ ਦਸ਼ਾ ਬਹੁਤ ਸੁਧਰ ਗਈ ਹੈ ਅਤੇ ਸਕੂਲ ਦੇ ਅਧਿਆਪਕ ਵੀ ਬਹੁਤ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ। ਸਕੂਲ ਦੀ ਮੁਖੀ ਨਿਹਾਰਿਕਾ ਨੇ ਕਿਹਾ ਕਿ ਪਹਿਲਾਂ ਸਕੂਲ ਵਿੱਚ ਚਾਰ ਦੀਵਾਰੀ ਨਹੀਂ ਸੀ ਅਤੇ ਖੇਡ ਮੈਦਾਨ ਦੀ ਹਾਲਤ ਵੀ ਬਹੁਤ ਮਾੜੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਸਰਕਾਰੀ ਮਿਡਲ ਸਮਾਰਟ ਸਕੂਲ ਜੰਡਾਲੀ ਦੀ ਸਾਇੰਸ ਮਿਸਟਰੈੱਸ ਪੁਸ਼ਪਿੰਦਰ ਕੌਰ ਤੇ ਇੰਗਲਿਸ਼ ਮਿਸਟਰੈੱਸ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਸਕੂਲ ਵਿੱਚ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੀ ਚਾਰ ਦੀਵਾਰੀ ਬਣਨ ਨਾਲ ਬੱਚਿਆਂ ਤੇ ਅਧਿਆਪਕਾਂ ਅੰਦਰ ਸੁਰੱਖਿਆ ਦੀ ਭਾਵਨਾ ਵਧੀ ਹੈ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਸੀ.ਸੀ.ਟੀ.ਵੀ. ਕੈਮਰੇ, ਪ੍ਰੋਜੈਕਟਰ ਤੇ ਐਲ.ਈ.ਡੀ. ਨਾਲ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਅਰਚਨਾ ਤੇ ਪ੍ਰਿਆ ਨੇ ਕਿਹਾ ਕਿ ਪਹਿਲਾਂ ਚਾਰ ਦੀਵਾਰੀ ਤੇ ਲੜਕੇ ਲੜਕੀਆਂ ਲਈ ਵੱਖਰੇ ਪਖਾਨੇ ਨਾ ਹੋਣ ਕਾਰਨ ਦਿਲ ਵਿੱਚ ਡਰ ਬਣਿਆਂ ਰਹਿੰਦਾ ਸੀ ਪ੍ਰੰਤੂ ਹੁਣ ਸਰਕਾਰ ਵੱਲੋਂ ਸਕੂਲ ਦੀ ਚਾਰ ਦੀਵਾਰੀ ਅਤੇ ਨਵੇਂ ਪਖਾਨੇ ਬਣਾਉਣ ਨਾਲ ਉਹ ਹੋਰ ਵਧੇਰੇ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਜੋ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉਸ ਨਾਲ ਹੁਣ ਪੜ੍ਹਾਈ ਵਧੇਰੇ ਵਧੀਆ ਢੰਗ ਨਾਲ ਹੋ ਸਕੇਗੀ।
