ਚੰਡੀਗੜ੍ਹ ਵਿਚ ਬਣਣਗੇ 4 ਨਵੇਂ ਸਕੂਲ, ਨਵਾਂ ਹਸਪਤਾਲ ਅਤੇ ਸਿੰਥੈਟਿਕ ਹਾਕੀ ਮੈਦਾਨ — ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ
ਚੰਡੀਗੜ੍ਹ ਅੱਜ ਦੀ ਆਵਾਜ਼ | 21 ਅਪ੍ਰੈਲ 2025
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2025-26 ਦੇ ਵਿੱਤੀ ਸਾਲ ਦੌਰਾਨ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਚਾਰ ਨਵੇਂ ਸਕੂਲ ਬਣਣਗੇ
ਸਿੱਖਿਆ ਖੇਤਰ ਵਿੱਚ ਸੁਧਾਰ ਲਈ ਚੰਡੀਗੜ੍ਹ ਵਿੱਚ ਚਾਰ ਨਵੇਂ ਸਰਕਾਰੀ ਸਕੂਲ ਬਣਾਏ ਜਾਣਗੇ, ਜੋ ਕਿ ਵਧ ਰਹੀ ਅਬਾਦੀ ਅਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੈਅ ਕੀਤੇ ਗਏ ਹਨ।
ਨਵਾਂ ਹਸਪਤਾਲ ਧਨਾਸ, ਮਲੋਯਾ, ਦਾਦੁਜਰਾ ਅਤੇ ਸੌਰੰਗਪੁਰ ਵਾਸੀਆਂ ਲਈ
ਸ਼ਹਿਰ ਦੇ ਪੱਛਮੀ ਹਿੱਸਿਆਂ — ਜਿਵੇਂ ਕਿ ਧਨਾਸ, ਮਲੋਯਾ, ਸੌਰੰਗਪੁਰ ਅਤੇ ਦਾਦੁਜਰਾ — ਵਿੱਚ ਨਵਾਂ ਹਸਪਤਾਲ ਬਣਾਇਆ ਜਾਵੇਗਾ। ਇਲਾਜ ਦੀਆਂ ਵਧਦੀਆਂ ਲੋੜਾਂ ਅਤੇ PGI ਜਾਂ GMCH-32 ਉੱਤੇ ਪੈਂਦੇ ਭਾਰ ਨੂੰ ਘਟਾਉਣ ਲਈ, 80 ਕਰੋੜ ਰੁਪਏ ਦਾ ਵੱਖਰਾ ਬਜਟ ਇਸ ਹਸਪਤਾਲ ਲਈ ਰੱਖਿਆ ਗਿਆ ਹੈ। ਉਸਾਰੀ ਦਾ ਕੰਮ ਇਸ ਸਾਲ ਸ਼ੁਰੂ ਹੋਵੇਗਾ।
ਸੈਕਟਰ 8 ‘ਚ ਨਵਾਂ ਸਿੰਥੈਟਿਕ ਹਾਕੀ ਮੈਦਾਨ
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ, ਪ੍ਰਸ਼ਾਸਨ ਨੇ ਸੈਕਟਰ 8 ਦੀ ਪੁਰਾਣੀ ਹਾਕੀ ਅਕੈਡਮੀ ‘ਚ ਨਵਾਂ ਸਿੰਥੈਟਿਕ ਹਾਕੀ ਮੈਦਾਨ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਸ਼ਹਿਰ ਦਾ ਦੂਜਾ ਸਿੰਥੈਟਿਕ ਮੈਦਾਨ ਹੋਵੇਗਾ, ਪਹਿਲਾ ਮੈਦਾਨ ਸੈਕਟਰ 42 ਵਿੱਚ ਹੈ। ਚੀਫ਼ ਇੰਜੀਨੀਅਰ ਸੀ. ਓਜਾਹ ਮੁਤਾਬਕ, ਇਹ ਸਾਰੇ ਪ੍ਰਾਜੈਕਟਾਂ ਨੂੰ ਯੋਜਨਾਬੰਦੀ ਵਿਭਾਗ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੋਰ ਜ਼ਰੂਰੀ ਏਜੰਸੀਆਂ ਤੋਂ ਵੀ ਪ੍ਰਵਾਨਗੀ ਮਿਲ ਗਈ ਹੈ। ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
