ਇਕ ਸਾਲ ਪਹਿਲਾਂ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਪਤਨੀ ’ਤੇ ਕੇਸ ਦਰਜ, ਪ੍ਰੇਮ ਸਬੰਧਾਂ ਦੇ ਚੱਲਦਿਆਂ ਜ਼ਹਿਰੀਲਾ ਦੇਣ ਦਾ ਦੌਸ਼

42

ਤਰਨਤਾਰਨ, 5 ਦਸੰਬਰ- (ਦੀਪਕ ਵੈਦ) : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਖੇ ਇਕ ਸਾਲ ਪਹਿਲਾਂ ਵਿਅਕਤੀ ਦੀ ਭੇਦਭਰੇ ਹਲਾਤਾਂ ਵਿਚ ਹੋਈ ਮੌਤ ਦੇ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਿਸ ਨੇ ਹੁਣ ਉਸਦੀ ਪਤਨੀ ਵਿਰੁੱਧ ਗੈਰ ਇਰਾਦਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸਦੀ ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਸਨ ਅਤੇ ਇਸੇ ਕਰਕੇ ਉਸਨੇ ਕੋਈ ਜ਼ਹਿਰੀਲਾ ਪਦਾਰਥ ਆਪਣੇ ਪਤੀ ਨੂੰ ਦਿੱਤਾ, ਜੋ ਉਸਦੀ ਮੌਤ ਦਾ ਕਾਰਨ ਬਣਿਆ। ਪੁਲਿਸ ਨੇ ਕੇਸ ਵਿਚ ਨਾਮਜ਼ਦ ਕੀਤੀ ਮਹਿਲਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਹਰਜੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸ਼ੇਰੋਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਭਰਾ ਬਲਵਿੰਦਰ ਸਿੰਘ ਦਾ ਵਿਆਹ ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਲਾਲਪੁਰਾ ਨਾਲ ਕਰੀਬ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੇ ਦੋ ਬੱਚੇ ਲੜਕੀ ਅਤੇ ਲੜਕਾ ਹਨ। ਉਸਦੀ ਭਰਜਾਈ ਹਰਪ੍ਰੀਤ ਕੌਰ ਦੀ ਉਸਦੇ ਭਰਾ ਨਾਲ ਘੱਟ ਬਣਦੀ ਸੀ ਤੇ ਆਪਸ ਵਿਚ ਲੜਾਈ ਝਗੜਾ ਵੀ ਰਹਿੰਦਾ ਸੀ। 3 ਦਸੰਬਰ 2023 ਨੂੰ ਉਸਦੇ ਤਾਏ ਬੀਰਾ ਸਿੰਘ ਦੇ ਵਰੀਨੇ ਦੇ ਪਾਠ ਦਾ ਭੋਗ ਸੀ ਅਤੇ ਉਸਦਾ ਭਰਾ ਬਲਵਿੰਦਰ ਸਿੰਘ ਘਰ ਵਿਚ ਖਾਣਾ ਆਦਿ ਖਾ ਕੇ ਸੌਂ ਗਿਆ। ਰਾਤ ਕਰੀਬ 11 ਵਜੇ ਉਸਦੀ ਭਰਜਾਈ ਹਰਪ੍ਰੀਤ ਕੌਰ ਨੇ ਫੋਨ ਤੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਹੈ। ਉਹ ਉਥੇ ਗਿਆ ਤਾਂ ਬਲਵਿੰਦਰ ਸਿੰਘ ਬੇਹੋਸ਼ ਪਿਆ ਸੀ। ਉਹ ਉਸ ਨੂੰ ਇਲਾਜ ਲਈ ਤਰਨਤਾਰਨ ਗੁਰੂ ਨਾਨਕ ਦੇਵ ਸੁਪਰਸ਼ਪੈਸ਼ਲਿਟੀ ਹਸਪਤਾਲ ਲੈ ਗਿਆ। ਜਿਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ। ਉਸ ਸਮੇਂ ਕਿਸੇ ’ਤੇ ਕੋਈ ਸ਼ੱਕ ਨਾ ਹੋਣ ਕਰਕੇ ਉਨ੍ਹਾਂ ਨੇ ਕਿਸੇ ’ਤੇ ਕੋਈ ਕਾਰਵਾਈ ਨਾ ਕਰਵਾਈ ਜਿਸਦੇ ਚੱਲਦਿਆਂ ਥਾਣਾ ਸਰਹਾਲੀ ਦੀ ਪੁਲਿਸ ਨੇ ਧਾਰਾ 174 ਦੀ ਰਪਟ 4 ਦਸੰਬਰ 2023 ਨੂੰ ਅਮਲ ਵਿਚ ਲਿਆ ਕੇ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਹੁਣ ਪਤਾ ਲੱਗਾ ਹੈ ਕਿ ਉਸਦੀ ਭਰਜਾਈ ਹਰਪ੍ਰੀਤ ਕੌਰ ਦੇ ਪ੍ਰੇਮ ਸਬੰਧ ਲਵਪ੍ਰੀਤ ਸਿੰਘ ਪੁੱਤਰ ਧੀਰਾ ਸਿੰਘ ਵਾਸੀ ਜੱਟਾ ਨਾਲ ਹਨ ਅਤੇ ਹਰਪ੍ਰੀਤ ਕੌਰ ਨੇ ਹੀ ਉਸਦੇ ਭਰਾ ਬਲਵਿੰਦਰ ਸਿੰਘ ਨੂੰ ਕੋਈ ਜ਼ਹਿਰਲੀ ਪਦਾਰਥ ਦਿੱਤਾ, ਜੋ ਉਸਦੀ ਮੌਤ ਦਾ ਕਾਰਨ ਬਣ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨ ਕਲਮਬੰਦ ਕਰਕੇ ਹਰਪ੍ਰੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰਨ ਦੇ ਨਾਲ ਨਾਲ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।